ਚੰਡੀਗੜ੍ਹ, 22 ਦਸੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ 85 ਲੱਖ ਰੁਪਏ ਦੀ ਆਨਲਾਈਨ ਠੱਗੀ ਦੇ ਮਾਮਲੇ 'ਚ ਇਕ ਮੁਲਜ਼ਮ ਨੂੰ ਇੰਦੌਰ (ਮੱਧ ਪ੍ਰਦੇਸ਼) ਤੋਂ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਅੰਕਿਤ ਗੁਪਤਾ (34) ਵਾਸੀ ਉਜੈਨ ਰੋਡ, ਇੰਦੌਰ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ 9 ਦਸੰਬਰ ਨੂੰ ਥਾਣਾ ਸਾਈਬਰ ਪੁਲਿਸ ਨੇ ਚੰਡੀਗੜ੍ਹ ਦੇ ਰਹਿਣ ਵਾਲੇ ਬਜ਼ੁਰਗ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਡਿਜੀਟਲੀ ਗਿ੍ਫ਼ਤਾਰ ਕਰਕੇ ਠੱਗੀ ਕਰਨ ਦਾ ਮਾਮਲਾ ਦਰਜ ਕੀਤਾ ਸੀ | ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਅਕਤੂਬਰ ਵਿਚ ਇਕ ਅਣਪਛਾਤੇ ਨੰਬਰ ਤੋਂ ਫੋਨ ਆਉਂਦਾ ਹੈ | ਸਾਹਮਣੇ ਵਾਲੇ ਵਿਅਕਤੀ ਨੇ ਟੈਲੀਕੋਮ ਅਥਾਰਟੀ ਆਫ ਇੰਡੀਆ ਦਾ ਅਧਿਕਾਰੀ ਹੋਣ ਦਾ ਦਾਅਵਾ ਕਰਦਿਆਂ ਉਸ ਨੂੰ ਇਕ ਮਨੀ ਲਾਂਡਰਿੰਗ ਮਾਮਲੇ ਵਿਚ ਚੱਲ ਰਹੀ ਜਾਂਚ 'ਚ ਸਹਿਯੋਗ ਦੇਣ ਲਈ ਕਿਹਾ | ਜਿਸ ਤੋਂ ਬਾਅਦ ਬਾਕੀ ਅਖੌਤੀ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਨੂੰ ਗਿ੍ਫ਼ਤਾਰੀ ਦਾ ਡਰ ਦਿਖਾ ਕੇ ਡਿਜੀਟਲ ਗਿ੍ਫ਼ਤਾਰ ਕਰਕੇ ਰੱਖਿਆ | ਇਸੇ ਦੌਰਾਨ ਉਸ ਨੂੰ ਆਪਣੇ ਬੈਂਕ ਖਾਤਿਆਂ ਵਿਚ ਪਈ ਸਾਰੀ ਰਕਮ ਨੂੰ ਉਨ੍ਹਾਂ ਵਲੋਂ ਦੱਸੇ ਗਏ ਖਾਤਿਆਂ 'ਚ ਪਾਉਣ ਨੂੰ ਕਿਹਾ ਗਿਆ | ਜਿਸ ਤੋਂ ਬਾਅਦ ਪੀੜਤ ਨੇ ਸਾਈਬਰ ਠੱਗਾਂ ਦੇ ਕਹਿਣ 'ਤੇ 85 ਲੱਖ ਰੁਪਏ ਵੱਖ-ਵੱਖ ਖਾਤਿਆਂ 'ਚ ਪਾ ਦਿੱਤੇ | ਕੁਝ ਦਿਨਾਂ ਤੱਕ ਜਦੋਂ ਫੋਨ ਕਰਨ ਵਾਲਿਆਂ ਨਾਲ ਮੁੜ ਤੋਂ ਸੰਪਰਕ ਨਹੀਂ ਹੋ ਸਕਿਆ ਤਾਂ ਸ਼ਿਕਾਇਤਕਰਤਾ ਤੇ ਉਸ ਦੇ ਪਰਿਵਾਰ ਨੂੰ ਠੱਗੀ ਦਾ ਅਹਿਸਾਸ ਹੋਇਆ | ਸ਼ਿਕਾਇਤ ਪ੍ਰਾਪਤ ਹੋਣ 'ਤੇ ਪੁਲਿਸ ਨੇ ਡਿਜੀਟਲ ਸਬੂਤਾਂ ਨੂੰ ਇਕੱਠਾ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਜਾਂਚ ਦੌਰਾਨ ਪੁਲਿਸ ਨੇ ਅੰਕਿਤ ਗੁਪਤਾ ਨਾਂਅ ਦੇ ਖਾਤੇ ਨੂੰ ਟਰੇਸ ਕੀਤਾ ਜਿਸ 'ਚ 39 ਲੱਖ ਤੇ 11 ਲੱਖ ਦੀਆਂ ਦੋ ਕਿਸ਼ਤਾਂ 'ਚ ਠੱਗੀ ਗਈ ਰਕਮ ਭੇਜੀ ਗਈ ਸੀ | ਪੁਲਿਸ ਨੇ ਇੰਦੌਰ ਵਿਖੇ ਛਾਪੇਮਾਰੀ ਕਰਕੇ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਤੇ ਉਸ ਦੇ ਕਬਜ਼ੇ 'ਚੋਂ ਚੈੱਕ ਬੁੱਕ ਵੀ ਬਰਾਮਦ ਕੀਤੀ ਹੈ | ਪੁਲਿਸ ਸੂਤਰਾਂ ਅਨੁਸਾਰ ਉਕਤ ਮੁਲਜ਼ਮ ਨੇ ਆਪਣੇ ਖਾਤੇ ਨੂੰ ਕਮਿਸ਼ਨ ਦੇ ਬਦਲੇ ਵਰਤਣ ਲਈ ਕਿਸੇ ਹੋਰ ਵਿਅਕਤੀ ਨੂੰ ਸੌਂਪਿਆ ਸੀ | ਇਸ ਮਾਮਲੇ ਦੀ ਜਾਂਚ ਜਾਰੀ ਹੈ |