ਹਾਈਵੋਲਟੇਜ ਤਾਰਾਂ ਹੇਠ ਨਾਜਾਇਜ਼ ਉਸਾਰੀਆਂ, ਸੁੱਤਾ ਪਿਆ ਬਿਜਲੀ ਵਿਭਾਗ ਤੇ ਡੇਰਾਬੱਸੀ ਪ੍ਰਸ਼ਾਸਨ
ਡੇਰਾਬੱਸੀ, 20 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਇਲਾਕੇ ਵਿਚ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੇ ਬਿਲਕੁਲ ਨੇੜੇ ਬਣ ਰਹੀਆਂ ਇਮਾਰਤਾਂ ਅਤੇ ਨਾਜਾਇਜ਼ ਉਸਾਰੀਆਂ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਬਣਦੀਆਂ ਜਾ ਰਹੀਆਂ ਹਨ। ਪਿੰਡ ਭਗਵਾਨਪੁਰ ਵਿਚ ਫੈਕਟਰੀ ਦੇ ਉੱਪਰ ਬਣੇ ਕਿਰਾਏ ਦੇ ਕਮਰਿਆਂ ਵਿਚ ਰਹਿ ਰਹੇ ਇਕ ਨੌਜਵਾਨ ਨੂੰ 11 ਹਜ਼ਾਰ ਵੋਲਟ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਕਰੰਟ ਲੱਗਣ ਦੀ ਘਟਨਾ ਸਾਹਮਣੇ ਆਈ ਹੈ।
ਡੇਰਾਬੱਸੀ, 20 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਇਲਾਕੇ ਵਿਚ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੇ ਬਿਲਕੁਲ ਨੇੜੇ ਬਣ ਰਹੀਆਂ ਇਮਾਰਤਾਂ ਅਤੇ ਨਾਜਾਇਜ਼ ਉਸਾਰੀਆਂ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਬਣਦੀਆਂ ਜਾ ਰਹੀਆਂ ਹਨ। ਪਿੰਡ ਭਗਵਾਨਪੁਰ ਵਿਚ ਫੈਕਟਰੀ ਦੇ ਉੱਪਰ ਬਣੇ ਕਿਰਾਏ ਦੇ ਕਮਰਿਆਂ ਵਿਚ ਰਹਿ ਰਹੇ ਇਕ ਨੌਜਵਾਨ ਨੂੰ 11 ਹਜ਼ਾਰ ਵੋਲਟ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਕਰੰਟ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਥਾਂ ’ਤੇ ਕਰੰਟ ਲੱਗਣ ਦੀ ਇਹ ਤੀਜੀ ਘਟਨਾ ਹੈ। ਇਸ ਤੋਂ ਪਹਿਲਾਂ ਵੀ ਦੋ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਫੈਕਟਰੀ ਦੇ ਉੱਪਰ ਬਣੇ ਕਮਰੇ ਕਿਰਾਏ ’ਤੇ ਦਿੱਤੇ ਹੋਏ ਹਨ ਅਤੇ ਇਮਾਰਤ ਦੇ ਬਿਲਕੁਲ ਨੇੜਿਓਂ ਹਾਈਵੋਲਟੇਜ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਹਨ। ਹਾਲ ਹੀ ਵਿਚ ਇਕ ਨੌਜਵਾਨ ਇਨ੍ਹਾਂ ਤਾਰਾਂ ਦੇ ਸੰਪਰਕ ਵਿਚ ਆਉਣ ਕਾਰਨ ਕਰੰਟ ਦੀ ਲਪੇਟ ਵਿਚ ਆ ਗਿਆ, ਪਰ ਸਮੇਂ ਸਿਰ ਬਚਾਅ ਹੋਣ ਕਾਰਨ ਉਸ ਦੀ ਜਾਨ ਬਚ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਲਾਕੇ ਵਿਚ ਅਜਿਹੀਆਂ ਇਮਾਰਤਾਂ ਨੂੰ ਬਿਜਲੀ ਵਿਭਾਗ ਵਲੋਂ ਬਿਜਲੀ ਦੇ ਕੁਨੈਕਸ਼ਨ ਵੀ ਜਾਰੀ ਕੀਤੇ ਜਾ ਰਹੇ ਹਨ। ਇਸ ਨਾਲ ਵਿਭਾਗ ਦੀ ਕਾਰਗੁਜ਼ਾਰੀ ਅਤੇ ਸੁਰੱਖਿਆ ਜਾਂਚ ਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਇਮਾਰਤਾਂ ਦੀ ਕਾਨੂੰਨੀ ਸਥਿਤੀ, ਬਿਜਲੀ ਕੁਨੈਕਸ਼ਨਾਂ ਦੀ ਮਨਜ਼ੂਰੀ ਅਤੇ ਤਾਰਾਂ ਤੋਂ ਲੋੜੀਂਦੀ ਦੂਰੀ ਦੀ ਜਾਂਚ ਕੀਤੀ ਜਾਵੇ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਤੋਂ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਸਮੇਂ ਸਿਰ ਸੁਰੱਖਿਆ ਪ੍ਰਬੰਧ ਨਾ ਕੀਤੇ ਗਏ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਮਿਲੀ ਭੁਗਤ ਦਾ ਦੋਸ਼ ਤਾਰਾਂ ਦੇ ਹੇਠਾਂ ਕੱਟੀ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਡੇਰਾਬੱਸੀ ਵਿਖੇ ਬਿਜਲੀ ਦੀ ਹਾਈ ਵੋਲਟੇਜ ਵਾਲੀ ਤਾਰਾਂ ਦੇ ਹੇਠਾਂ ਸੈਂਕੜੇ ਨਾਜਾਇਜ਼ ਰਿਆਇਸ਼ੀ ਅਤੇ ਇੰਡਸਟਰੀਅਲ ਕਾਲੋਨੀਆਂ ਕੱਟੀਆਂ ਗਈਆਂ। ਬਿਲਡਰਾਂ ਵਲੋਂ ਪੈਸੇ ਕਮਾਉਣ ਦੇ ਚੱਕਰ ਵਿਚ ਤਾਰਾਂ ਹੇਠਾਂ ਸੜਕਾਂ ਅਤੇ ਪਾਰਕ ਬਣਾ ਦਿੱਤੇ ਗਏ ਹਨ। ਇਸ ਮਗਰੋਂ ਇਨ੍ਹਾਂ ਤਾਰਾਂ ਦੇ ਬਿਲਕੁਲ ਨਾਲ ਉਸਾਰੀਆਂ ਵੀ ਹੋ ਚੁੱਕੀਆਂ ਹਨ ਅਤੇ ਕਈ ਥਾਵਾਂ ਤੇ ਅੱਜੇ ਵੀ ਇਹ ਧੰਦਾ ਜਾਰੀ ਹੈ। ਇਨ੍ਹਾਂ ਤਾਰਾਂ ਦੀ ਲਪੇਟ ਵਿਚ ਆ ਕੇ ਮਜ਼ਦੂਰ, ਗਰੀਬ ਲੋਕ ਕਰੰਟ ਲੱਗਣ ਕਰਕੇ ਜ਼ਖ਼ਮੀ ਹੋ ਰਹੇ ਹਨ ਅਤੇ ਕਈ ਮੌਤ ਦੇ ਮੂੰਹ ਵਿਚ ਆ ਚੁੱਕੇ ਹਨ। ਲੇਕਿਨ ਸੰਬੰਧਿਤ ਬਿਜਲੀ ਵਿਭਾਗ ਗਮਾਂਡਾ ਡੇਰਾਬੱਸੀ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦਿੰਦਾ। ਲੋਕਾਂ ਦਾ ਦੋਸ਼ ਹੈ ਕਿ ਇਹ ਸਭ ਕੁਝ ਮਿਲੀਭੁਗਤ ਨਾਲ ਹੋ ਰਿਹਾ ਹੈ ਅਤੇ ਸਰਕਾਰ ਨੂੰ ਇਸ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।