21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਬੁੜੈਲ ਦੇ ਵਸਨੀਕਾਂ ਨੂੰ ਮਿਲੇਗੀ ਸੀਵਰੇਜ ਸਮੱਸਿਆ ਤੋਂ ਰਾਹਤ, ਮੇਅਰ ਹਰਪ੍ਰੀਤ ਕੌਰ ਬਬਲਾ ਨੇ ਰੱਖੀ ਪ੍ਰਾਜੈਕਟ ਦੀ ਨੀਂਹ

Ad Position 21
No active advertisement
ਅਜੀਤ ਡੈਸਕ 23-12-2025
ਚੰਡੀਗੜ੍ਹ, 22 ਦਸੰਬਰ (ਸੰਦੀਪ ਕੁਮਾਰ ਮਾਹਨਾ)–ਚੰਡੀਗੜ੍ਹ ਦੇ ਬੁੜੈਲ 'ਚ ਲੰਬੇ ਸਮੇਂ ਤੋਂ ਚੱਲ ਰਹੀਆਂ ਸੀਵਰੇਜ ਨਾਲ ਸੰਬੰਧਿਤ ਸਮੱਸਿਆਵਾਂ ਦੇ ਸਥਾਈ ਹੱਲ ਵੱਲ ਇਕ ਅਹਿਮ ਕਦਮ ਚੁੱਕਦੇ ਹੋਏ ਨਗਰ ਨਿਗਮ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਇਲਾਕਾ ਕੌਂਸਲਰ ਕੰਵਰਜੀਤ ਸਿੰਘ ਰਾਣਾ, ਕੌਂਸਲਰ ਜਸਮਨਪ੍ਰੀਤ ਸਿੰਘ ਤੇ ਨਗਰ ਨਿਗਮ ਦੇ ਸਬੰਧਿਤ ਅਧਿਕਾਰੀਆਂ ਦੀ ਮੌਜੂਦਗੀ 'ਚ ਸੀਵਰੇਜ ਪ੍ਰਾਜੈਕਟ ਦੀ ਨੀਂਹ ਰੱਖੀ | ਮੇਅਰ ਨੇ ਕਿਹਾ ਕਿ ਨਗਰ ਨਿਗਮ ਨੂੰ ਬੁੜੈਲ ਤੋਂ ਸੀਵਰੇਜ ਦੇ ਵਾਰ-ਵਾਰ ਬੰਦ ਹੋਣ ਅਤੇ ਓਵਰਫ਼ਲੋਅ ਹੋਣ ਸੰਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ | ਮੈਦਾਨੀ ਪੱਧਰ 'ਤੇ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੌਜੂਦਾ ਸੀਵਰੇਜ ਲਾਈਨਾਂ ਦੀ ਨਿਕਾਸੀ ਘੱਟ ਹੋਣ ਤੇ ਉਨ੍ਹਾਂ 'ਚ ਵੱਡੀ ਮਾਤਰਾ 'ਚ ਗਾਰ ਜੰਮ ਜਾਣ ਕਾਰਨ ਸਫ਼ਾਈ ਕਾਰਜ ਪ੍ਰਭਾਵਸ਼ਾਲੀ ਨਹੀਂ ਰਹੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੱਸਿਆਵਾਂ ਦਾ ਲੰਬੇ ਸਮੇਂ ਲਈ ਟਿਕਾਊ ਹੱਲ ਯਕੀਨੀ ਬਣਾਉਣ ਲਈ ਨਿਗਮ ਵਲੋਂ ਵਿਸਤਿ੍ਤ ਸੀਵਰੇਜ ਮਜ਼ਬੂਤੀ ਯੋਜਨਾ ਤਿਆਰ ਕੀਤੀ ਗਈ ਹੈ | ਇਸ ਯੋਜਨਾ ਅਧੀਨ ਵੱਡੇ ਨਿਕਾਸੀ ਵਾਲੀਆਂ ਨਵੀਆਂ ਸੀਵਰ ਪਾਈਪ ਲਾਈਨਾਂ ਵਿਛਾਈਆਂ ਜਾਣਗੀਆਂ, ਵਾਧੂ ਮੈਨਹੋਲ ਚੈਂਬਰਾਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਪ੍ਰਸਤਾਵਿਤ ਅਲਾਈਨਮੈਂਟ ਅਨੁਸਾਰ ਨਵੇਂ ਘਰਾਂ ਨੂੰ ਸੀਵਰੇਜ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ | ਪ੍ਰਾਜੈਕਟ ਦੇ ਦਾਇਰੇ 'ਚ ਵਾਧੂ ਮਿੱਟੀ ਦਾ ਨਿਪਟਾਰਾ, ਮਿੱਟੀ ਭਰਨਾ, ਸੜਕਾਂ ਦੀ ਕਟਾਈ ਅਤੇ ਬਾਅਦ 'ਚ ਉਨ੍ਹਾਂ ਦੀ ਮੁਰੰਮਤ ਕਰਨ ਦੇ ਨਾਲ-ਨਾਲ ਜਿੱਥੇ ਲੋੜ ਹੋਵੇ, ਉੱਥੇ ਸੀਵਰੇਜ ਅਤੇ ਪਾਣੀ ਸਪਲਾਈ ਲਾਈਨਾਂ ਨੂੰ ਮੁੜ ਜੋੜਨ ਦਾ ਕੰਮ ਵੀ ਸ਼ਾਮਲ ਹੈ | ਇਸ ਸਾਰੇ ਵਿਕਾਸ ਕੰਮ ਲਈ 91 ਲੱਖ ਦੀ ਕੁਲ ਅਨੁਮਾਨਿਤ ਲਾਗਤ ਮਨਜ਼ੂਰ ਕੀਤੀ ਗਈ ਹੈ | ਮੇਅਰ ਹਰਪ੍ਰੀਤ ਕੌਰ ਬਬਲਾ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਨੂੰ ਨਿਰਧਾਰਿਤ ਸਮੇਂ ਅੰਦਰ ਤੇ ਗੁਣਵੱਤਾ ਦੇ ਮਿਆਰਾਂ ਅਨੁਸਾਰ ਪੂਰਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਬੁੜੈਲ ਦੀ ਸਫ਼ਾਈ ਵਿਵਸਥਾ ਮਜ਼ਬੂਤ ਹੋਵੇਗੀ ਅਤੇ ਇਲਾਕੇ ਦੇ ਵਸਨੀਕਾਂ ਨੂੰ ਬਿਹਤਰ ਰਹਿਣ-ਸਹਿਣ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ 1500 ਰਿਸ਼ਵਤ ਲੈਂਦਾ ਨਿੱਜੀ ਵਿਅਕਤੀ ਵਿਜੀਲੈਂਸ ਬਿਊਰੋ ਵਲੋਂ ਰੰਗੇ ਹੱਥੀਂ ਕਾਬੂ ਅਗਲੀ ਖ਼ਬਰ 85 ਲੱਖ ਦੀ ਆਨਲਾਈਨ ਠੱਗੀ ਦੇ ਮਾਮਲੇ 'ਚ ਇਕ ਮੁਲਜ਼ਮ ਇੰਦੌਰ ਤੋਂ ਗਿ੍ਫ਼ਤਾਰ
Ad Position 24