ਐੱਸ. ਏ. ਐੱਸ. ਨਗਰ, 22 ਦਸੰਬਰ (ਕਪਿਲ ਵਧਵਾ)-ਮੁਹਾਲੀ ਦੇ ਥਾਣਾ ਫੇਜ਼-1 ਦੀ ਪੁਲਿਸ ਨੇ ਮੋਬਾਈਲ ਝਪਟਣ ਤੇ ਵਾਹਨ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਕਾਬੂ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਮੂਲ ਵਾਸੀ ਪਿੰਡ ਕੁੰਭੜਾ ਤੇ ਹਾਲ ਵਾਸੀ ਲੋਹਗੜ੍ਹ ਜ਼ੀਰਕਪੁਰ, ਮਨਦੀਪ ਸਿੰਘ ਵਾਸੀ ਮੁੱਲਾਂਪੁਰ, ਆਕਾਸ਼ ਮੂਲ ਵਾਸੀ ਗਾਜ਼ੀਆਬਾਦ ਤੇ ਹਾਲ ਵਾਸੀ ਮੌਲੀ ਜਾਗਰਾਂ ਚੰਡੀਗੜ੍ਹ ਅਤੇ ਆਸਿਫ ਵਾਸੀ ਪਿੰਡ ਸੋਹਾਣਾ ਵਜੋਂ ਹੋਈ ਹੈ | ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੇ 7 ਮੋਬਾਈਲ ਫ਼ੋਨ ਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ | ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਲਵਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਫੇਜ਼-1 ਅਤੇ ਥਾਣਾ ਸੋਹਾਣਾ ਵਿਖੇ ਤਿੰਨ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਮਨਦੀਪ ਸਿੰਘ ਖ਼ਿਲਾਫ਼ ਖਰੜ ਦੇ ਥਾਣਾ ਸਿਟੀ ਵਿਖੇ ਇਕ ਅਪਰਾਧਿਕ ਮਾਮਲਾ ਦਰਜ ਹੈ | ਜਾਣਕਾਰੀ ਅਨੁਸਾਰ ਐਸ. ਪੀ. ਸਿਟੀ ਦਿਲਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਥਾਣਾ ਫੇਜ਼-1 ਦੀ ਪੁਲਿਸ ਨੇ ਇਲਾਕੇ ਵਿਚ ਨਾਕਾਬੰਦੀ ਦੌਰਾਨ ਪਹਿਲਾਂ ਲਵਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਕੋਲੋਂ ਇਕ ਝਪਟਿਆ ਗਿਆ ਮੋਬਾਈਲ ਫ਼ੋਨ ਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਸੀ | ਬਾਅਦ 'ਚ ਦੋਵਾਂ ਦੀ ਪੁੱਛਗਿੱਛ ਦੇ ਆਧਾਰ 'ਤੇ ਇਨ੍ਹਾਂ ਵਾਰਦਾਤਾਂ ਵਿਚ ਸ਼ਾਮਿਲ ਉਨ੍ਹਾਂ ਦੇ ਦੋ ਹੋਰਨਾਂ ਸਾਥੀਆਂ ਆਕਾਸ਼ ਅਤੇ ਆਸਿਫ ਨੂੰ ਵੀ ਗਿ੍ਫ਼ਤਾਰ ਕਰ ਲਿਆ |