ਐੱਸ. ਏ. ਐੱਸ. ਨਗਰ, 22 ਦਸੰਬਰ (ਕਪਿਲ ਵਧਵਾ)-ਮੁਹਾਲੀ ਦੇ ਥਾਣਾ ਮਟੌਰ ਦੀ ਪੁਲਿਸ ਨੇ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਸੋਬੀ ਵਾਸੀ ਪਿੰਡ ਬੜਮਾਜਰਾ (ਬਲੌਂਗੀ) ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਥਾਣਾ ਮਟੌਰ ਦੇ ਐੱਸ. ਐੱਚ. ਓ. ਰੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੁਲਿਸ ਪਾਰਟੀ ਸਥਾਨਕ ਫੇਜ਼-3ਏ ਨਜ਼ਦੀਕ ਨਾਕੇ 'ਤੇ ਤਾਇਨਾਤ ਸੀ ਅਤੇ ਇਸੇ ਦੌਰਾਨ ਸੈਕਟਰ-52 ਦੀ ਤਰਫੋਂ ਪੈਦਲ ਆ ਰਹੇ ਇਕ ਵਿਅਕਤੀ ਨੇ ਪੁਲਿਸ ਨੂੰ ਦੇਖ ਕੇ ਆਪਣਾ ਰਸਤਾ ਬਦਲਣ ਦੀ ਕੋਸ਼ਿਸ਼ ਕੀਤੀ | ਸ਼ੱਕ ਪੈਣ 'ਤੇ ਏ. ਐੱਸ. ਆਈ. ਗੁਰਤੇਜ ਸਿੰਘ ਨੇ ਉਸ ਨੂੰ ਰੋਕ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਸੋਬੀ ਪੁੱਤਰ ਨੌਸਾਦ ਵਜੋਂ ਦੱਸੀ | ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਇਕ ਆਜ਼ਾਦ ਗਵਾਹ ਦੀ ਹਾਜ਼ਰੀ 'ਚ ਜਦੋਂ ਉਕਤ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਦੀ ਪਤਲੂਨ ਦੀ ਸੱਜੀ ਜੇਬ 'ਚੋਂ ਇਕ ਪਾਰਦਰਸ਼ੀ ਲਿਫ਼ਾਫ਼ੇ 'ਚੋਂ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 52 ਗ੍ਰਾਮ ਮਾਲੂਮ ਹੋਇਆ ਅਤੇ ਉਸ ਦੇ ਕੋਟ ਦੀ ਜੇਬ 'ਚੋਂ ਇਕ ਈ-ਕੰਡਾ ਵੀ ਬਰਾਮਦ ਹੋਇਆ | ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਉਕਤ ਵਿਅਕਤੀ ਵਿਰੁੱਧ ਐੱਨ. ਡੀ. ਪੀ. ਐੱਸ. ਦੀ ਧਾਰਾ 21, 61 ਅਤੇ 85 ਤਹਿਤ ਐੱਫ. ਆਈ. ਆਰ. ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਵਲੋਂ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਨ 'ਤੇ ਇਲਾਕਾ ਮੈਜਿਸਟ੍ਰੇਟ ਵਲੋਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |