ਪੰਚਕੂਲਾ, 24 ਦਸੰਬਰ (ਕਪਿਲ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸਵ. ਪ੍ਰਧਾਨ ਮੰਤਰੀ ਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਪੰਚਕੂਲਾ ਦੇ ਐੱਮ. ਡੀ. ਸੀ. ਸਥਿਤ ਅਟਲ ਪਾਰਕ ਵਿਖੇ ਉਨ੍ਹਾਂ ਦੀ 41 ਫੁੱਟ ਉੱਚੀ ਕਾਂਸੀ ਦੀ ਬਣੀ ਮੂਰਤੀ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ ਵੀ ਹਾਜ਼ਰ ਸਨ | ਇਹ ਮੂਰਤੀ 15 ਫੁੱਟ ਉੱਚੇ ਪੈਡੀਸਟਲ ਸਮੇਤ ਕੁੱਲ 56 ਫੁੱਟ ਉੱਚੀ ਹੈ, ਜੋ ਕਿ ਪੰਚਕੂਲਾ ਮਹਾਂਨਗਰ ਵਿਕਾਸ ਅਥਾਰਟੀ ਵਲੋਂ ਸਿਰਫ 25 ਦਿਨਾਂ 'ਚ ਬਣਾਈ ਗਈ ਹੈ | ਇਹ ਟ੍ਰਾਈਸਿਟੀ 'ਚ ਕਿਸੇ ਵੀ ਪ੍ਰਮੁੱਖ ਨੇਤਾ ਦੀ ਸਭ ਤੋਂ ਉੱਚੀ ਅਤੇ ਮਹਾਨ ਮੂਰਤੀ ਹੈ | ਅਟਲ ਪਾਰਕ, ਜਿਥੇ ਕਿ ਇਹ ਮੂਰਤੀ ਲਗਾਈ ਗਈ ਹੈ, ਉਸ ਨੂੰ ਪੰਚਕੂਲਾ ਮਹਾਂਨਗਰ ਵਿਕਾਸ ਅਥਾਰਟੀ ਵਲੋਂ ਲਗਭਗ 20,786 ਵਰਗ ਮੀਟਰ ਖੇਤਰ 'ਚ ਵਿਕਸਿਤ ਕੀਤਾ ਜਾ ਰਿਹਾ ਹੈ | ਇਸ ਪਾਰਕ ਨੂੰ ਸਵ. ਅਟਲ ਬਿਹਾਰੀ ਵਾਜਪਾਈ ਦੇ ਆਦਰਸ਼ਾਂ, ਵਿਜ਼ਨ ਅਤੇ ਵਿਰਾਸਤ ਨੂੰ ਸਮਰਪਿਤ ਇਕ ਪ੍ਰਮੁੱਖ ਜਨਤਕ ਸਥਾਨ ਵਜੋਂ ਤਿਆਰ ਕੀਤਾ ਜਾ ਰਿਹਾ ਹੈ | ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦਫ਼ਤਰ 'ਪੰਚਕਮਲ' ਵਿਖੇ ਅਟਲ ਬਿਹਾਰੀ ਵਾਜਪਾਈ ਅਤੇ ਹਰਿਆਣਾ ਨਾਲ ਉਨ੍ਹਾਂ ਦੇ ਗਹਿਰੇ ਸੰਬੰਧਾਂ ਨੂੰ ਦਰਸਾਉਂਦੀ ਵਿਸ਼ੇਸ਼ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ, ਉਪਰੰਤ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਪ੍ਰਦਰਸ਼ਨੀ 'ਚ ਅਟਲ ਬਿਹਾਰੀ ਵਾਜਪਾਈ ਦੇ ਰਾਜਸੀ ਜੀਵਨ ਦੇ ਮੁੱਖ ਪਲਾਂ, ਰਾਸ਼ਟਰ ਨਿਰਮਾਣ 'ਚ ਉਨ੍ਹਾਂ ਦੇ ਯੋਗਦਾਨ ਅਤੇ ਹਰਿਆਣਾ ਨਾਲ ਉਨ੍ਹਾਂ ਦੇ ਸਥਾਈ ਸੰਬੰਧਾਂ ਨੂੰ ਦਰਸਾਇਆ ਗਿਆ, ਜੋ ਕਿ ਦਰਸ਼ਕਾਂ ਨੂੰ ਉਨ੍ਹਾਂ ਦੀ ਸਿਆਸੀ ਯਾਤਰਾ, ਸ਼ਾਸਨ ਦੇ ਫ਼ਿਲਾਸਫ਼ੀ ਅਤੇ ਵਿਰਾਸਤ ਬਾਰੇ ਜਾਣਕਾਰੀ ਮਿਲ ਸਕੇ | ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ 'ਚ 250 ਅਟਲ ਈ-ਲਾਇਬ੍ਰੇਰੀਜ਼ ਦਾ ਵਰਚੂਅਲ ਉਦਘਾਟਨ ਵੀ ਕੀਤਾ, ਜੋ ਕਿ ਖਾਸ ਕਰਕੇ ਨੌਜਵਾਨਾਂ ਵਿਚ ਪੜ੍ਹਾਈ ਅਤੇ ਗਿਆਨ ਸਾਂਝਾ ਕਰਨ ਦੀ ਸੱਭਿਆਚਾਰ ਨੂੰ ਉਤਸ਼ਾਹ ਦੇਣ ਲਈ ਤਿਆਰ ਕੀਤੀਆਂ ਗਈਆਂ ਹਨ | ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਨੇ ਅਟਲ ਬਿਹਾਰੀ ਵਾਜਪਾਈ 'ਤੇ ਇੱਕ ਕਾਫੀ ਟੇਬਲ ਬੁੱਕ ਵੀ ਜਾਰੀ ਕੀਤੀ, ਜੋ ਕਿ ਉਨ੍ਹਾਂ ਦੀ ਜ਼ਿੰਦਗੀ, ਅਗਵਾਈ ਅਤੇ ਭਾਰਤੀ ਰਾਜਨੀਤੀ 'ਤੇ ਉਨ੍ਹਾਂ ਦੇ ਸਥਾਈ ਪ੍ਰਭਾਵ ਨੂੰ ਦਰਸਾਉਂਦੀ ਹੈ |