ਪੰਚਕੂਲਾ, 24 ਦਸੰਬਰ (ਕਪਿਲ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਨੂੰ ਪੰਚਕੂਲਾ ਵਿਖੇ ਹਰਿਆਣਾ ਪੁਲਿਸ ਦੇ 5061 ਪੁਲਿਸ ਕਰਮਚਾਰੀਆਂ ਦੀ ਪਾਸਿੰਗ ਆਊਟ ਪਰੇਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਉਨ੍ਹਾਂ ਨੇ ਨਵੇਂ ਪੁਲਿਸ ਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਹਿਲਾਂ ਉਹ ਸਿਰਫ ਟਰੇਨੀ ਸਨ, ਪਰ ਹੁਣ ਉਹ ਹਰਿਆਣਾ ਪੁਲਿਸ ਦਾ ਹਿੱਸਾ ਬਣ ਜਾਣਗੇ ਜੋ ਕਿ ਦੇਸ਼ ਦੀ ਰਾਜਧਾਨੀ ਦੀ ਸੁਰੱਖਿਆ ਵਿਚ ਵੀ ਅਹਿਮ ਰੋਲ ਅਦਾ ਕਰਦੀ ਹੈ | ਜ਼ਿਕਰਯੋਗ ਹੈ ਕਿ ਅੱਜ ਇਥੇ ਇਕ ਸਾਲ ਦੀ ਟ੍ਰੇਨਿੰਗ ਤੋਂ ਬਾਅਦ 5061 ਨਵੇਂ ਪੁਲਿਸ ਸਿਪਾਹੀਆਂ ਦੀ ਪਾਸਿੰਗ ਆਊਟ ਪਰੇਡ ਕਰਵਾਈ ਗਈ, ਜਿਸ ਵਿਚ ਲਗਪਗ 870 ਮਹਿਲਾ ਪੁਲਿਸ ਕਰਮਚਾਰੀ ਵੀ ਸ਼ਾਮਿਲ ਹਨ | ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕੱਲ੍ਹ 25 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਜਨਮ ਸ਼ਤਾਬਦੀ ਹੈ | ਉਨ੍ਹਾਂ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਉਹ ਪ੍ਰਧਾਨ ਮੰਤਰੀ ਸਨ ਜੋ ਕਦੇ ਵੀ ਕਾਂਗਰਸ ਵਿਚ ਨਹੀਂ ਰਹੇ | ਉਹ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਦੀ ਸਰਕਾਰ ਪੂਰੇ 5 ਸਾਲ ਚੱਲੀ ਤੇ ਅੱਜ ਉਹ ਉਨ੍ਹਾਂ ਦੇ ਬੁੱਤ ਦਾ ਵੀ ਲੋਕ ਅਰਪਣ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਬੈਚ ਵਿਚ 85 ਫੀਸਦੀ ਨੌਜਵਾਨ ਗ੍ਰੈਜੂਏਟ ਜਾਂ ਗ੍ਰੈਜੂਏਟ ਤੋਂ ਉੱਪਰ ਹਨ ਅਤੇ ਇਨ੍ਹਾਂ ਦੀ ਔਸਤ ਉਮਰ 26 ਸਾਲ ਹੈ | ਉਨ੍ਹਾਂ ਕਿਹਾ ਕਿ ਉਹ ਪੁਲਿਸ ਵਿਚ ਉਸ ਸਮੇਂ ਸ਼ਾਮਿਲ ਹੋ ਰਹੇ ਹਨ ਜਦੋਂ ਉਨ੍ਹਾਂ ਨੇ ਅੰਗਰੇਜ਼ਾਂ ਦੇ ਬਣਾਏ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ 2023 ਵਿਚ ਹਰਿਆਣਾ ਪੁਲਿਸ ਨੂੰ ਰਾਸ਼ਟਰਪਤੀ ਰੰਗ (ਪ੍ਰੈਜ਼ੀਡੈਂਟ ਕਲਰ) ਦਿੱਤਾ ਗਿਆ ਸੀ ਅਤੇ ਉਸੀ ਪਰੰਪਰਾ ਨੂੰ ਅੱਗੇ ਵਧਾਉਣਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਵਿਚ 5 ਰੇਂਜ ਅਤੇ 19 ਜ਼ਿਲ੍ਹੇ ਹਨ | ਉਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਹਰਿਆਣਾ ਵਿਚ ਨੌਕਰੀ ਲਈ ਖ਼ਰਚੀ ਤੇ ਪਰਚੀ ਦੇਣੀ ਪੈਂਦੀ ਸੀ ਅਤੇ ਕਿਸੇ ਖਾਸ ਜਾਤੀ ਨਾਲ ਸੰਬੰਧਤ ਹੋਣ 'ਤੇ ਹੀ ਨੌਕਰੀ ਮਿਲਦੀ ਸੀ, ਪਰ ਹੁਣ ਹਰਿਆਣਾ ਖ਼ਰਚੀ-ਪਰਚੀ ਮੁਕਤ ਹੋ ਚੁੱਕਾ ਹੈ | ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਚਕੂਲਾ ਵਿਚ ਕਰਵਾਏ 'ਸਹਿਕਾਰ ਤੋਂ ਸਮਰਿੱਧੀ' ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਇਸ ਦੌਰਾਨ ਕਈ ਯੋਜਨਾਵਾਂ ਦਾ ਉਦਘਾਟਨ ਕੀਤਾ | ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਹ ਕਰਕੇ ਵਿਖਾਇਆ ਹੈ ਜੋ ਬਹੁਤ ਘੱਟ ਸਰਕਾਰਾਂ ਕਰਨ ਦੀ ਹਿੰਮਤ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਚੋਣ ਘੋਸ਼ਣਾ ਪੱਤਰ ਦੌਰਾਨ ਜਦੋਂ 24 ਫਸਲਾਂ ਨੂੰ ਐੱਮ. ਐੱਸ. ਪੀ. 'ਤੇ ਖਰੀਦਣ ਦਾ ਮਤਾ ਆਇਆ ਤਾਂ ਰਾਤ ਨੂੰ ਫ਼ੋਨ ਕਰਕੇ ਇਸਦੀ ਪੁਸ਼ਟੀ ਕੀਤੀ ਗਈ, ਜਿਸ 'ਤੇ ਮੁੱਖ ਮੰਤਰੀ ਸੈਣੀ ਨੇ ਪੂਰੇ ਆਤਮ ਵਿਸ਼ਵਾਸ ਨਾਲ ਕਿਹਾ ਕਿ ਤੁਸੀਂ ਘੋਸ਼ਣਾ ਕਰੋ, ਖਰੀਦ ਦੀ ਜਿੰਮੇਵਾਰੀ ਉਨ੍ਹਾਂ ਦੀ ਹੈ | ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿਥੇ 24 ਫਸਲਾਂ ਦੀ ਐੱਮ. ਐੱਸ. ਪੀ. 'ਤੇ ਖਰੀਦ ਯਕੀਨੀ ਬਣਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਿਰਫ ਖਰੀਦ ਹੀ ਨਹੀਂ ਸਗੋਂ 48 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਭੁਗਤਾਨ ਕਰਕੇ ਹਰਿਆਣਾ ਸਰਕਾਰ ਨੇ ਇਕ ਨਵੀਂ ਪ੍ਰਸ਼ਾਸਨਿਕ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ | ਉਨ੍ਹਾਂ ਕਿਹਾ ਕਿ ਗੰਨੇ ਦਾ ਕਿਸਾਨਾਂ ਨੂੰ ਦੇਸ਼ ਵਿਚ ਸਭ ਤੋਂ ਵੱਧ ਮੁੱਲ ਦੇਣ ਦਾ ਕੰਮ ਵੀ ਮੁੱਖ ਮੰਤਰੀ ਸੈਣੀ ਨੇ ਕੀਤਾ ਹੈ, ਜਿਸ ਨਾਲ ਦੇਸ਼ ਭਰ ਦੀਆਂ ਸਰਕਾਰਾਂ 'ਤੇ ਸਕਾਰਾਤਮਕ ਦਬਾਅ ਬਣਿਆ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਛੋਟਾ ਸੂਬਾ ਹੋਣ ਦੇ ਬਾਵਜੂਦ ਖੇਤੀਬਾੜੀ, ਦੁੱਧ ਉਤਪਾਦਨ, ਖੇਡਾਂ ਅਤੇ ਰਾਸ਼ਟਰੀ ਸੁਰੱਖਿਆ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਹੈ | ਅਮਿਤ ਸ਼ਾਹ ਨੇ ਵਿਸ਼ਵਾਸ ਜ਼ਾਹਿਰ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਿਕਾਰ ਤੋਂ ਸਮਰਿੱਧੀ ਦੇ ਮੰਤਰ 'ਤੇ ਚਲਦਿਆਂ ਮੁੱਖ ਮੰਤਰੀ ਸੈਣੀ ਹਰਿਆਣਾ ਨੂੰ ਦੇਸ਼ ਦੇ ਅਗੇਤੀ ਸੂਬਿਆਂ ਦੀ ਕਤਾਰ ਵਿਚ ਹੋਰ ਮਜਬੂਤ ਥਾਂ ਦਵਾਉਣਗੇ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਚਕੂਲਾ ਵਿਖੇ ਕਰਵਾਏ ਅਟਲ ਸਮਿ੍ਤੀ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ | ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ | ਇਸ ਮੌਕੇ ਅਮਿਤ ਸ਼ਾਹ ਨੇ ਖੂਨਦਾਨ ਕਰਨ ਆਏ ਖੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਫੁੱਲ ਅਤੇ ਫਲ ਦੇ ਕੇ ਸਨਮਾਨਿਤ ਕੀਤਾ | ਇਸ ਖੂਨਦਾਨ ਕੈਂਪ ਦੌਰਾਨ 211 ਯੂਨਿਟ ਖੂਨ ਇਕੱਠਾ ਕੀਤਾ ਗਿਆ | ਇਸ ਕੈਂਪ ਵਿਚ ਪੀ. ਜੀ. ਆਈ. ਚੰਡੀਗੜ੍ਹ, ਜੀ. ਐੱਮ. ਸੀ. ਐੱਚ. ਸੈਕਟਰ-32 ਚੰਡੀਗੜ੍ਹ, ਸਿਵਲ ਹਸਪਤਾਲ ਪੰਚਕੂਲਾ ਅਤੇ ਮਹਾਰਸ਼ੀ ਮਾਰਕੰਡੇਸ਼ਵਰ ਮੈਡੀਕਲ ਕਾਲਜ ਐਂਡ ਹਸਪਤਾਲ ਸੋਲਨ (ਹਿਮਾਚਲ ਪ੍ਰਦੇਸ਼) ਤੋਂ ਆਏ ਡਾਕਟਰਾਂ ਦੀ ਟੀਮ ਤੇ ਸਟਾਫ਼ ਮੈਂਬਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ |