ਮਾਨਸਾ, 2 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹੇ ਦੇ ਫ਼ਰਦ ਕੇਂਦਰਾਂ ਦੇ ਕੱਚੇ ਕਰਮਚਾਰੀਆਂ 'ਚ ਪਿਛਲੇ 2 ਮਹੀਨਿਆਂ ਤੋਂ ਤਨਖ਼ਾਹਾਂ ਨਾਲ ਮਿਲਣ ਕਰਕੇ ਰੋਸ ਪਾਇਆ ਜਾ ਰਿਹਾ ਹੈ | ਉਹ ਤਿੱਖਾ ਸੰਘਰਸ਼ ਵਿੱਢਣ ਦੇ ਰੌਂਅ 'ਚ ਹਨ | ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਮਾਨਸਾ, ਭੀਖੀ, ਜੋਗਾ, ਬੁਢਲਾਡਾ, ਬਰੇਟਾ, ਝੁਨੀਰ ਤੇ ਸਰਦੂਲਗੜ੍ਹ ਸਮੇਤ 7 ਫ਼ਰਦ ਕੇਂਦਰ ਹਨ ਜਿੱਥੇ ਲਗਪਗ ਢਾਈ ਦਰਜਨ ਨੌਜਵਾਨ ਡੇਢ ਦਹਾਕੇ ਤੋਂ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰ ਰਹੇ ਹਨ | ਕਰਮਚਾਰੀਆਂ ਵਲੋਂ ਅੱਜ ਡਿਪਟੀ ਕਮਿਸ਼ਨਰ ਮਾਨਸਾ ਨੂੰ ਪੱਤਰ ਦੇ ਕੇ ਮੰਗ ਉਠਾਈ ਕਿ ਤਨਖ਼ਾਹਾਂ ਤੁਰੰਤ ਜਾਰੀ ਕਰਵਾਈਆਂ ਜਾਣ | ਉਨ੍ਹਾਂ ਦੱਸਿਆ ਕਿ ਕਰਮਚਾਰੀ ਇਕ ਨਿੱਜੀ ਕੰਪਨੀ ਅਧੀਨ ਕੰਮ ਕਰ ਰਹੇ ਹਨ ਜਦਕਿ ਕੰਪਨੀ ਨੇ ਬਿੱਲ ਪਾਸ ਨਾ ਹੋਣ ਕਰਕੇ ਹੱਥ ਖੜੇ ਕਰ ਦਿੱਤੇ ਹਨ, ਜਿਸ ਕਰਕੇ ਤਨਖ਼ਾਹਾਂ ਨਹੀਂ ਮਿਲੀਆਂ | ਉਨ੍ਹਾਂ ਅਧਿਕਾਰੀ ਕੋਲ ਨੌਕਰੀ ਤੋਂ ਹਟਾਉਣ ਦਾ ਖ਼ਦਸ਼ਾ ਜ਼ਾਹਿਰ ਵੀ ਕੀਤਾ | ਨੌਜਵਾਨਾਂ ਨੇ ਮੰਗ ਕੀਤੀ ਕਿ ਜੇਕਰ ਰੁਜ਼ਗਾਰ ਖੁੱਸ ਜਾਂਦਾ ਹੈ ਤਾਂ ਸਰਕਾਰ ਨਿਯੁਕਤੀ ਪੱਕੇ ਤੌਰ 'ਤੇ ਫ਼ਰਦ ਕੇਂਦਰਾਂ 'ਚ ਕਰੇ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕਿਰਤ ਕਾਨੂੰਨਾਂ ਮੁਤਾਬਕ ਤਨਖ਼ਾਹ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 5 ਜੂਨ ਤੋਂ ਕਲਮ ਛੋੜ ਹੜਤਾਲ ਕਰਕੇ ਸ਼ਾਂਤਮਈ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ | ਮੰਗ ਪੱਤਰ ਦੇਣ ਵਾਲੇ ਵਫ਼ਦ 'ਚ ਹਰਜੀਵਨ ਸਿੰਘ ਮਾਨਸਾ, ਅੰਤਰ ਸਿੰਘ ਜੋਗਾ, ਕਰਮਜੀਤ ਸਿੰਘ ਭੀਖੀ, ਹਰਦੀਪ ਸਿੰਘ ਚਕੇਰੀਆਂ, ਮੰਗਾ ਰਾਮ ਸਰਦੂਲਗੜ੍ਹ, ਸੇਵਕ ਸਿੰਘ ਜੋਗਾ, ਰਾਜੇਸ਼ ਕੁਮਾਰ ਮਾਨਸਾ, ਕਰਮਜੀਤ ਸਿੰਘ ਬੱਪੀਆਣਾ ਆਦਿ ਸ਼ਾਮਿਲ ਸਨ | ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਤਨਖ਼ਾਹਾਂ ਜਲਦ ਜਾਰੀ ਕਰਵਾਈਆਂ ਜਾਣਗੀਆਂ |