ਮਾਨਸਾ, 2 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਰਵੀ ਰਾਜੋਰੀਆ ਆਰਆਰ ਕੁਲੈਕਸ਼ਨ ਵਲੋਂ ਮਿਸਿਜ਼ ਇੰਡੀਆ ਗਲੈਮ ਲਾਈਟ 2025 ਅਤੇ ਡਿਜ਼ਾਈਨਰ ਫ਼ੈਸ਼ਨ ਵੀਕ ਸੈਸ਼ਨ-3 ਮੁਕਾਬਲਾ ਦਿੱਲੀ ਵਿਖੇ ਕਰਵਾਇਆ ਗਿਆ | ਜਿਸ ਵਿਚ ਵੱਖ-ਵੱਖ ਰਾਜਾਂ ਦੀਆਂ 50 ਪ੍ਰਤਿਭਾਸ਼ਾਲੀ ਔਰਤਾਂ ਨੇ ਭਾਗ ਲਿਆ | ਇਸੇ ਦੌਰਾਨ ਜਾਣ-ਪਛਾਣ, ਰੈਂਪ ਵਾਕ, ਸਵਾਲ ਜਵਾਬ ਤੇ ਟੇਲੈਂਟ ਰਾਊਾਡ ਕਰਵਾਏ ਗਏ | ਸਥਾਨਕ ਸ਼ਹਿਰ ਦੀ ਮਨੀਸ਼ਾ ਕੱਕੜ ਨੇ ਜਿੱਥੇ 'ਗਲੋ ਐਂਡ ਗਲਾਈਟਰਸ' ਟਾਈਟਲ ਆਪਣੇ ਨਾਂਅ ਕੀਤਾ ਉੱਥੇ ਉਹ ਮਿਸਿਜ਼ ਇੰਡੀਆ ਗਲੈਮ ਲਾਈਟ ਮੁਕਾਬਲਾ-2025 ਦੀ ਫ਼ਸਟ ਰਨਰਅੱਪ ਵੀ ਰਹੀ | ਜੇਤੂ ਤਾਜ ਬਾਲੀਵੁੱਡ ਅਦਾਕਾਰਾ ਤੇ ਮੁਹੱਬਤੇਂ ਫ਼ਿਲਮ ਫੇਮ ਪ੍ਰੀਤੀ ਝੰਗਿਆਨੀ ਨੇ ਸਿਰ 'ਤੇ ਸਜਾਇਆ | ਮਨੀਸ਼ਾ ਪਹਿਲਾਂ ਵੀ ਰਨ ਵੇ ਮਾਡਿਲੰਗ 'ਚ ਮਾਡਲ ਤੌਰ 'ਤੇ ਭਾਗ ਲੈਂਦੀ ਆ ਰਹੀ ਹੈ ਅਤੇ ਹੁਣ ਤੱਕ ਉਸ ਨੇ ਦਿੱਲੀ ਤੋਂ ਇਲਾਵਾ ਗੁਰੂਗ੍ਰਾਮ, ਚੰਡੀਗੜ੍ਹ ਵਿਖੇ ਮਾਡਿਲੰਗ 'ਚ ਭਾਗ ਲਿਆ ਹੈ | ਜ਼ਿਲ੍ਹੇ ਦੇ ਪਿੰਡ ਨੰਗਲ ਖ਼ੁਰਦ ਦੇ ਸਰਕਾਰੀ ਮਿਡਲ ਸਕੂਲ ਵਿਖੇ ਹਿੰਦੀ ਅਧਿਆਪਕਾ ਵਜੋਂ ਸੇਵਾਵਾਂ ਨਿਭਾਅ ਰਹੀ ਮਨੀਸ਼ਾ ਕੱਕੜ ਨੇ 'ਅਜੀਤ' ਉਪ ਦਫ਼ਤਰ ਮਾਨਸਾ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਵਿੱਖ 'ਚ ਵੀ ਮਾਡਿਲੰਗ ਸ਼ੋਆਂ 'ਚ ਭਾਗ ਲੈਂਦੀ ਰਹੇਗੀ | ਉਨ੍ਹਾਂ ਖ਼ੁਦ ਫ਼ਖਰ ਮਹਿਸੂਸ ਕੀਤਾ ਕਿ ਸ਼ੌਕ ਵਜੋਂ ਮਾਡਿਲੰਗ ਕਰਦਿਆਂ ਵੱਡੇ ਟਾਈਟਲ ਹਾਸਲ ਕੀਤੇ ਹਨ | ਇਸੇ ਦੌਰਾਨ ਸ਼ਹਿਰ ਦੀਆਂ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਮਨੀਸ਼ਾ ਨੂੰ ਵਧਾਈਆਂ ਭੇਜਦਿਆਂ ਆਖਿਆ ਕਿ ਮਾਨਸਾ ਵਰਗੇ ਸ਼ਹਿਰ 'ਚੋਂ ਉੱਠ ਕੇ ਮਹਾਂ ਨਗਰਾਂ 'ਚ ਪ੍ਰਾਪਤੀਆਂ ਹਾਸਲ ਕਰਨਾ ਜ਼ਿਲ੍ਹਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ |