ਨੰਗਲ, 31 ਮਈ (ਪ੍ਰੀਤਮ ਸਿੰਘ ਬਰਾਰੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੈਸ਼ਨਲ ਫਰਟੀਲਾਈਜਰ ਲਿਮਿਟਡ ਨੰਗਲ ਵਿਖੇ ਸਰਕਾਰ ਦੀਆਂ ਹਦਾਇਤਾਂ 'ਤੇ ਦੂਜੀ ਸਿਵਲ ਡਿਫੈਂਸ 'ਓਪਰੇਸ਼ਨ ਸ਼ੀਲਡ' ਤਹਿਤ ਮੌਕ ਡਰਿੱਲ ਸ਼ਾਮ 5 ਵਜੇ ਕੀਤੀ ਗਈ | ਡਰਿੱਲ 'ਚ ਸੀ. ਆਈ. ਐਸ. ਐਫ., ਪੰਜਾਬ ਪੁਲਿਸ, ਫਾਇਰ ਸੇਫਟੀ, ਐਨ. ਸੀ. ਸੀ. ਕੈਡਿਟ, ਐਨ. ਐਸ. ਐਸ. ਵਲੰਟੀਅਰ ਤੇ ਵਿਦਿਆਰਥੀਆਂ ਨੇ ਸ਼ਾਨਦਾਰ ਰਿਹਸਲ ਕੀਤੀ | ਇਸ ਮੌਕ ਡਰਿੱਲ ਦੇ ਅਭਿਆਸ ਬਾਰੇ ਇਲਾਕਾ ਵਾਸੀਆਂ ਨੂੰ ਪਹਿਲਾ ਤੋਂ ਹੀ ਜਾਣੂ ਕਰਵਾਇਆ ਗਿਆ ਸੀ ਤਾਂ ਕਿ ਲੋਕ ਭੈਅ ਭੀਤ ਨਾ ਹੋਣ | ਐਸ. ਡੀ. ਐਮ. ਨੰਗਲ ਸਚਿਨ ਪਾਠਕ ਪੀ. ਸੀ. ਐਸ. ਨੇ ਦੱਸਿਆ ਕਿ ਇਹ ਇਕ ਅਭਿਆਸ ਹੈ, ਇਲਾਕਾ ਵਾਸੀਆਂ ਨੂੰ ਅਪੀਲ ਹੈ ਕਿ ਇਸ ਅਭਿਆਸ ਦੌਰਾਨ ਜਾਗਰੂਕ ਨਾਗਰਿਕ ਹੋਣ ਦਾ ਪ੍ਰਮਾਣ ਦੇਣ | ਉਨ੍ਹਾਂ ਨੇ ਕਿਹਾ ਕਿ ਰਾਤ 8 ਵਜੇ ਤੋ 8.15 ਵਜੇ ਤੱਕ ਬਲੈਕ ਆਊਟ ਕੀਤਾ ਜਾਵੇਗਾ, ਜਿਸ 'ਚ ਸਾਰੇ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ | ਉਨ੍ਹਾਂ ਨੇ ਦੱਸਿਆ ਕਿ ਇਹ ਮੌਕ ਡਰਿੱਲ 'ਚ ਕਿਸੇ ਵੀ ਅਪਾਤਕਾਲ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧਾਂ ਦਾ ਅਭਿਆਸ ਹੈ | ਉਨ੍ਹਾਂ ਨੇ ਦੱਸਿਆ ਕਿ ਮੌਕ ਡਰਿੱਲ ਰਾਹੀਂ ਅਜਿਹੀ ਸਥਿਤੀ, ਜਦੋਂ ਕੋਈ ਏਅਰ ਰੇਡ ਹੋਵੇ ਤਾਂ ਉਸ ਸਥਿਤੀ 'ਚ ਪ੍ਰਸ਼ਾਸਨ ਵਲੋਂ ਕਿਹੜੇ ਜ਼ਰੂਰੀ ਕਦਮ ਉਠਾਏ ਜਾਣਗੇ, ਉਸ ਬਾਰੇ ਦਰਸਾਇਆ ਗਿਆ ਹੈ | ਇਸ ਮੌਕ ਡਰਿੱਲ 'ਚ ਐਬੂਲੈਂਸ ਰਾਹੀਂ ਪ੍ਰਭਾਵਿਤ ਹੋਏ ਲੋਕਾਂ ਨੂੰ ਹਸਪਤਾਲ ਵਿਚ ਪਹੁੰਚਾਉਣ ਅਤੇ ਆਮ ਲੋਕਾਂ ਦੀ ਸੁਰੱਖਿਆ ਦੀ ਹਰ ਸਥਿਤੀ ਨਾਲ ਨਜਿੱਠਣ ਲਈ ਕਿਹੜੇ ਵਿਭਾਗਾਂ ਵਲੋਂ ਜੋ ਉਸ ਸਮੇਂ ਉਚਿਤ ਕਦਮ ਉਠਾਏ ਜਾਣੇ ਹਨ, ਉਸ ਬਾਰੇ ਇਹ ਮੌਕ ਡਰਿੱਲ ਕੀਤੀ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਜਿਹੜੇ ਵਿਭਾਗਾਂ ਦੀਆਂ ਸੇਵਾਵਾਂ ਇਸ ਸਮੇਂ ਜ਼ਰੂਰੀ ਹਨ, ਉਨ੍ਹਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਨੇ ਇਸ ਮੌਕੇ ਮੌਕ ਡਰਿੱਲ 'ਚ ਸ਼ਮੂਲੀਅਤ ਕੀਤੀ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਐਨ. ਐਫ. ਐਲ. 'ਚ ਸਾਇਰਨ ਬਜਾਏ ਗਏ ਅਤੇ ਹੋਟਲਾਈਨ ਨੂੰ ਵੀ ਕਾਰਜ ਸ਼ੀਲ ਰੱਖਿਆ ਗਿਆ | ਉਨ੍ਹਾਂ ਨੇ ਕਿਹਾ ਕਿ ਇਹ ਕੇਵਲ ਇਕ ਮੌਕ ਡਰਿੱਲ ਅਭਿਆਸ ਹੈ ਲੋਕ ਇਸ ਤੋਂ ਭੈਭੀਤ ਨਾ ਹੋਣ ਇਹ ਇਕ ਰੂਟੀਨ ਦੀ ਕਾਰਵਾਈ ਹੈ | ਇਸ ਮੌਕ ਡਰਿੱਲ ਅਭਿਆਸ ਦੌਰਾਨ ਏਅਰ ਰੇਡ ਹੋਣ ਦੀ ਸਥਿਤੀ 'ਚ ਫੱਟੜ, ਗੰਭੀਰ ਫੱਟੜ, ਮਾਮੂਲੀ ਫੱਟੜ ਤੇ ਸਦਮਾ ਲੱਗਣ ਵਾਲੇ ਵਿਅਕਤੀਆਂ ਨੂੰ ਕਿਸ ਤਰ੍ਹਾਂ ਚੁੱਕ ਕੇ ਫਸਟ ਏਡ ਦੇਣੀ ਹੈ, ਕਿਸ ਤਰ੍ਹਾਂ ਹਸਪਤਾਲ ਪਹੁੰਚਾਉਣਾ ਹੈ, ਬਾਰੇ ਦੱਸਿਆ ਗਿਆ | ਜਿਸ 'ਚ ਪੁਰਸ਼ਾ ਤੇ ਮਹਿਲਾਵਾਂ (ਲੜਕੇ ਤੇ ਲੜਕੀਆਂ) ਨੇ ਸ਼ਾਨਦਾਰ ਭੂਮਿਕਾ ਅਦਾ ਕੀਤੀ | ਇਸ ਮੌਕੇ ਮੇਗਨਾਥ ਗੌਇਲ ਚੀਫ ਜਨਰਲ ਮੈਨੇਜਰ ਐਨ. ਐਫ. ਐਲ., ਗੁਰਿੰਦਰਜੀਤ ਕੌਰ ਸੀਜੀਐਮ ਓ. ਐਂਡ ਐਮ., ਸੰਜੇ ਕੁਮਾਰ ਸ਼ਰਮਾ ਚੀਫ ਮੈਨੇਜਰ ਐਫ. ਆਰ., ਕੁਲਵੀਰ ਸਿੰਘ ਠੱਕਰ ਸੰਧੂ ਡੀ. ਐਸ. ਪੀ., ਪੁਲਿਸ ਥਾਣਾ ਮੁਖੀ ਇੰਸਪੈਕਟਰ ਰੋਹਿਤ ਸ਼ਰਮਾ, ਮਨਵੀਰ ਸਿੰਘ ਕਾਰਜ ਸਾਧਕ ਅਫਸਰ, ਸੋਮਨਾਥ ਪੀ. ਆਰ. ਓ. ਐਨ..ਐਫ. ਐਲ, ਸੀਨੀਅਰ ਮੈਡੀਕਲ ਅਫ਼ਸਰ ਨੰਗਲ, ਸੁਧੀਰ ਕੁਮਾਰ ਸ਼ਰਮਾ, ਐਨ. ਐਫ. ਐਲ. ਦੇ ਸਾਰੇ ਵਿਭਾਗਾਂ ਦੇ ਮੁਖੀ ਹਾਜ਼ਰ ਸਨ |