ਢੇਰ, 1 ਜੂਨ (ਸ਼ਿਵ ਕੁਮਾਰ ਕਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਸਹਿਯੋਗ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ 'ਖ਼ੁਆਰ ਹੋਏ ਸਭ ਮਿਲੈਂਗੇ' ਧਰਮ ਪ੍ਰਚਾਰ ਲਹਿਰ ਦੇ ਤਹਿਤ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਉਨ੍ਹਾਂ ਦੇ ਅਨਿੰਨ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਿੰਡ ਢੇਰ ਜ਼ਿਲ੍ਹਾ ਰੂਪਨਗਰ ਵਿਖੇ ਸੰਧਿਆ ਵੇਲੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ | ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਸ਼ੇਸ਼ ਤੌਰ 'ਤੇ ਸਮਾਗਮ 'ਚ ਸ਼ਮੂਲੀਅਤ ਕਰਕੇ ਵੱਡੀ ਗਿਣਤੀ ਵਿਚ ਹਾਜ਼ਰ ਸਿੱਖ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਸਮਾਗਮ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੌਕੀਨ ਸਿੰਘ ਦੇ ਰਾਗੀ ਜਥੇ ਤੇ ਬੀਬੀ ਰਾਜਵੰਤ ਕੌਰ ਖ਼ਾਲਸਾ ਦੇ ਢਾਡੀ ਜਥੇ ਨੇ ਸੰਗਤ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜਿਆ | ਜਥੇਦਾਰ ਗੜਗੱਜ ਨੇ ਸਮਾਗਮ ਦੀ ਸਮਾਪਤੀ ਉਪਰੰਤ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਲਹਿਰ ਦੀ ਚੜ੍ਹਦੀ ਕਲਾ ਲਈ ਖ਼ੁਦ ਅਰਦਾਸ ਕੀਤੀ | ਇਸ ਦੌਰਾਨ ਜਥੇਦਾਰ ਗੜਗੱਜ ਨੇ ਸੰਗਤ ਨੂੰ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ | ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮਤਿ ਦੀ ਰੌਸ਼ਨੀ 'ਚ ਜਨੇਊ ਪਹਿਨਣ ਦਾ ਖੰਡਨ ਕੀਤਾ ਸੀ ਜਦ ਕਿ ਨੌਵੇਂ ਜਾਮੇ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਅਰਜੋਈ 'ਤੇ ਜਨੇਊ ਦੀ ਰਾਖੀ ਕਰਦਿਆਂ ਧਰਮ ਲਈ ਸ਼ਹਾਦਤ ਦਿੱਤੀ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਧਰਮ ਦੀ ਚਾਦਰ ਬਣੇ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦੇ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਅÏਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਸਨੇਹਾ ਦਿੱਤਾ | ਉਨ੍ਹਾਂ ਕਿਹਾ ਕਿ ਜਦੋਂ ਨੌਵੇਂ ਪਾਤਿਸ਼ਾਹ ਦੇ ਅਨਿੰਨ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਨੂੰ ਸ਼ਹੀਦ ਕੀਤਾ ਜਾਣਾ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡਾ ਮੁਖ ਗੁਰੂ ਵਲ ਹੋਵੇ | ਇਸੇ ਤਰ੍ਹਾਂ ਅੱਜ ਲੋੜ ਹੈ ਕਿ ਹਰ ਸਿੱਖ ਦਾ ਮੁੱਖ ਕੇਵਲ ਗੁਰੂ ਵਲ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਦੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਪੰਜਾਬ ਅੰਦਰ ਖ਼ੁਆਰ ਹੋਏ ਸਭ ਮਿਲੈਂਗੇ ਧਰਮ ਪ੍ਰਚਾਰ ਲਹਿਰ ਸ਼ੁਰੂ ਕੀਤੀ ਗਈ ਹੈ, ਇਸ ਰਾਹੀਂ ਪੰਜਾਬ ਅੰਦਰ ਸਿੱਖੀ ਦਾ ਬੋਲਬਾਲਾ ਕਾਇਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਸੰਗਤ ਵਲੋਂ ਭਰਵਾਂ ਸਹਿਯੋਗ ਵੀ ਮਿਲ ਰਿਹਾ ਹੈ | ਸਮਾਗਮ 'ਚ ਪੁੱਜੇ ਸ਼੍ਰੋਮਣੀ ਕਮੇਟੀ ਦੇ ਅੰਤਿ੍ੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਤੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ, ਮੈਨੇਜਰ ਗੁਰਦੀਪ ਸਿੰਘ ਕੰਗ, ਐਡੀਸ਼ਨਲ ਮੈਨੇਜਰ ਹਰਦੇਵ ਸਿੰਘ, ਧਰਮ ਪ੍ਰਚਾਰ ਸਬ-ਦਫ਼ਤਰ ਦੇ ਇੰਚਾਰਜ ਗੁਰਭਾਗ ਸਿੰਘ, ਸਿੱਖ ਮਿਸ਼ਨਰੀ ਕਾਲਜ ਦੇ ਪਿ੍ੰਸੀਪਲ ਚਰਨਜੀਤ ਸਿੰਘ | ਪ੍ਰਚਾਰਕ ਸਿੰਘਾਂ ਭਾਈ ਪਿ੍ਤਪਾਲ ਸਿੰਘ ਉਦੋਕੇ, ਭਾਈ ਗੁਰਿੰਦਰਜੀਤ ਸਿੰਘ, ਭਾਈ ਜਗਦੀਪ ਸਿੰਘ ਵੜੈਚ (ਕਵੀਸ਼ਰ), ਭਾਈ ਪਰਮਜੀਤ ਸਿੰਘ ਹਰੀਵਾਲ, ਭਾਈ ਰਣਜੀਤ ਸਿੰਘ ਚੀਚਾ, ਭਾਈ ਪਰਮਜੀਤ ਸਿੰਘ ਪਾਉਂਟਾ ਸਾਹਿਬ, ਭਾਈ ਜਗਤਾਰ ਸਿੰਘ ਨੇ ਇਸ ਸਮਾਗਮ ਲਈ ਪਿੰਡ-ਪਿੰਡ ਪੁੱਜ ਕੇ ਪ੍ਰਚਾਰ ਕੀਤਾ |