ਰੂਪਨਗਰ, 1 ਜੂਨ (ਸਤਨਾਮ ਸਿੰਘ ਸੱਤੀ)-ਗਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵਲੋਂ ਦੋ ਰੋਜ਼ਾ ਸੈਮੀਨਾਰ ਕਮ ਰੈਫ਼ਰੀ ਟ੍ਰੇਨਿੰਗ ਕੈਂਪ ਲਗਾਇਆ, ਜਿਸ ਦੀ ਸ਼ੁਰੂਆਤ ਹਰਜੀਤ ਸਿੰਘ ਗਰੇਵਾਲ ਪ੍ਰਧਾਨ, ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਕੀਤੀ ਗਈ, ਜਿਸ 'ਚ ਨੈਸ਼ਨਲ ਕੋਚ ਤੇ ਰੈਫ਼ਰੀ ਯੋਗਰਾਜ ਸਿੰਘ ਨੇ ਸਿੱਖਿਆਰਥੀਆਂ ਨੂੰ ਵਰਲਡ ਗਤਕਾ ਰੂਲ ਬੁੱਕ ਮੁਤਾਬਿਕ ਗਤਕੇ ਖੇਡ ਦੀਆਂ ਬਰੀਕੀਆਂ ਤੇ ਤਕਨੀਕੀ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ | ਕੈਂਪ 'ਚ ਤਕਰੀਬਨ 18 ਖਿਡਾਰੀਆਂ ਨੇ ਰੈਫ਼ਰੀ ਦੀ ਟ੍ਰੇਨਿੰਗ ਪ੍ਰਾਪਤ ਕੀਤੀ | ਮੁੱਖ ਮਹਿਮਾਨ ਹਰਜੀਤ ਸਿੰਘ ਗਰੇਵਾਲ ਨੇ ਗਤਕੇ ਦੇ ਭਵਿੱਖ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਖੇਡ ਸਾਡੀ ਸੱਭਿਆਚਾਰਕ ਵਿਰਾਸਤ ਹੈ ਤੇ ਜਿਵੇਂ ਗਤਕੇ ਦਾ ਪ੍ਰਚਾਰ ਤੇ ਪਸਾਰ ਹੋ ਰਿਹਾ ਹੈ, ਗਤਕੇ ਦਾ ਭਵਿੱਖ ਬਹੁਤ ਸੁਨਹਿਰਾ ਹੈ | ਕੈਂਪ ਦੇ ਦੂਜੇ ਦਿਨ ਗੁਰਮੁਖ ਸਿੰਘ ਮੁਖੀ, ਧਰਮ ਪ੍ਰਚਾਰ ਟਰੱਸਟ, ਘਨੌਲੀ ਗੁਰਬਚਨ ਸਿੰਘ ਚੇਅਰਮੈਨ, ਗੁਰੂ ਨਾਨਕ ਪਬਲਿਕ ਸਕੂਲ, ਅਤੇ ਨਰਪਿੰਦਰ ਸਿੰਘ ਭੈਰੋ ਮਾਜਰਾ ਨੇ ਖਿਡਾਰੀਆਂ ਨੂੰ ਰੈਫ਼ਰੀ ਟਰੇਨਿੰਗ ਦੀ ਸੰਪੂਰਨਤਾ ਉਪਰੰਤ ਪ੍ਰਮਾਣ ਪੱਤਰ ਵੰਡੇ | ਇਸ ਮੌਕੇ ਗਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵਲੋਂ ਸਾਰੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ | ਗਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਇਹ ਟ੍ਰੇਨਿੰਗ ਕੈਂਪ ਗਤਕੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਅਤੇ ਖਿਡਾਰੀਆਂ ਨੂੰ ਪ੍ਰੋਫੈਸ਼ਨਲ ਪੱਧਰ 'ਤੇ ਤਿਆਰ ਕਰਨ ਵਲ ਇਕ ਸ਼ਲਾਘਾਯੋਗ ਕਦਮ ਸਾਬਤ ਹੋਵੇਗਾ | ਇਸ ਮੌਕੇ ਗੁਰਪ੍ਰੀਤ ਸਿੰਘ ਭਾਊਵਾਲ, ਗੁਰਵਿੰਦਰ ਸਿੰਘ ਘਨੌਲੀ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ਰੂਪਨਗਰ, ਜਸਵੀਰ ਸਿੰਘ, ਜਸਵਿੰਦਰ ਸਿੰਘ, ਮਾਸਟਰ ਜਗਤਾਰ ਸਿੰਘ, ਕਰਨ ਮਹਿਤਾ ਡੀ. ਪੀ. ਆਰ. ਓ. ਰੂਪਨਗਰ ਮਨਪ੍ਰੀਤ ਸਿੰਘ ਘਨੌਲੀ ਤੇ ਬਲਜੀਤ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਵੀ ਸ਼ਾਮਿਲ ਸਨ |