ਰੂਪਨਗਰ, 2 ਜੂਨ (ਯਸ਼ਵੰਤ ਬੱਸੀ)-ਪੰਜਾਬ ਪੈਨਸ਼ਨਰਜ਼ ਮਹਾਂ ਸੰਘ ਜ਼ਿਲ੍ਹਾ ਰੂਪਨਗਰ ਦੇ ਅਹੁਦੇਦਾਰਾਂ ਦੀ ਮੀਟਿੰਗ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਗੁਰਨਾਮ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ | ਪੈਨਸ਼ਨਰਜ਼ ਸੰਘ ਦੇ ਜਨਰਲ ਸਕੱਤਰ ਬੀ. ਐੱਸ. ਸੈਣੀ ਨੇ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਨਸ਼ਨਰਜ਼ ਦੀਆਂ ਜ਼ਰੂਰੀ ਮੰਗਾਂ ਦੀ ਪੂਰਤੀ ਲਈ ਪੰਜਾਬ ਪੈਨਸ਼ਨਰਜ਼ ਮਹਾਂ ਸੰਘ ਅਤੇ ਇਸ ਨਾਲ ਸਬੰਧਿਤ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ 15 ਜੂਨ ਨੂੰ ਰੂਪਨਗਰ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ | ਆਗੂਆਂ ਨੇ ਦੋਸ਼ ਲਗਾਇਆ ਕਿ ਜਥੇਬੰਦੀ ਵਲੋਂ 14 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੂੰ ਡਿਪਟੀ ਕਮਿਸ਼ਨਰ ਮੋਹਾਲੀ ਰਾਹੀਂ ਮੰਗ ਪੱਤਰ ਦੇ ਕੇ ਮੀਟਿੰਗ ਲਈ ਸਮਾਂ ਮੰਗਿਆ ਗਿਆ ਸੀ, ਪਰ ਇਸ ਸਬੰਧੀ ਸਰਕਾਰ ਵੱਲੋਂ ਕੋਈ ਵੀ ਪਹਿਲਕਦਮੀ ਨਹੀਂ ਕੀਤੀ ਗਈ | ਪੈਨਸ਼ਨਰਜ਼ ਵਿਚ ਸਰਕਾਰ ਦੇ ਇਸ ਰਵੱਈਏ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ,ਇਸੇ ਲਈ ਸੂਬਾ ਪੱਧਰੀ ਕਨਵੈਨਸ਼ਨ ਵਿਚ ਪੰਜਾਬ ਭਰ ਤੋਂ ਪੈਨਸ਼ਨਰਜ਼ ਰੂਪਨਗਰ ਵਿਖੇ ਸ਼ਮੂਲੀਅਤ ਕਰਕੇ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕਰਨਗੇ | ਇਸ ਕਨਵੈਨਸ਼ਨ ਦੀ ਸਫਲਤਾ ਲਈ ਮਾਸਟਰ ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਯੂਨਿਟਾਂ ਤੋਂ ਸਾਥੀ ਵੱਡੀ ਗਿਣਤੀ ਵਿਚ ਸ਼ਿਰਕਤ ਕਰਨਗੇ | ਇਸ ਮੌਕੇ ਹਰਚੰਦ ਸਿੰਘ ਸ੍ਰੀ ਚਮਕੌਰ ਸਾਹਿਬ, ਰੂਪਨਗਰ ਤੋਂ ਜੇ.ਪੀ. ਸਿੰਘ ਤੇ ਜਗਤਾਰ ਸਿੰਘ, ਮੋਹਣ ਸਿੰਘ ਨੌਧੇਮਾਜਰਾ, ਅਵਤਾਰ ਸਿੰਘ, ਇੰ. ਇਕਬਾਲ ਸਿੰਘ, ਰਾਮ ਸਿੰਘ, ਬਲਦੇਵ ਸਿੰਘ ਤੇ ਮੋਹਨ ਲਾਲ ਆਦਿ ਹਾਜ਼ਰ ਸਨ |