ਨੂਰਪੁਰ ਬੇਦੀ, 2 ਜੂਨ (ਵਿੰਦਰਪਾਲ ਝਾਂਡੀਆਂ)-ਕਿਰਤੀ ਕਿਸਾਨ ਮੋਰਚੇ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਝੋਨੇ ਸਮੇਤ ਸਾਉਣੀ ਦੀਆਂ ਫ਼ਸਲਾਂ ਦੀ ਐੱਮ.ਐੱਸ.ਪੀ. 'ਚ ਕੀਤੇ ਨਿਗੂਣੇ ਵਾਧੇ ਨੂੰ ਰੱਦ ਕਰਦਿਆਂ ਸਵਾਮੀ ਨਾਥਨ ਫਾਰਮੂਲੇ (ਸੀ-2+50%) ਤਹਿਤ ਫ਼ਸਲਾਂ ਦੇ ਭਾਅ ਤੈਅ ਕਰਨ ਦੀ ਮੰਗ ਕੀਤੀ ਹੈ | ਜੱਥੇਬੰਦੀ ਨੇ ਭਾਜਪਾ ਨੂੰ ਆਪਣਾ ਚੋਣ ਵਾਅਦਾ ਯਾਦ ਕਰਵਾਇਆ ਹੈ | ਪ੍ਰੈੱਸ ਨੂੰ ਜਾਰੀ ਬਿਆਨ ਰਾਹੀ ਕਿਰਤੀ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ ਨੇ ਕਿਹਾ ਕਿ ਭਾਜਪਾ ਨੇ ਪਿੱਛਲੇ ਸਮੇਂ ਵਿਚ ਹੋਈਆਂ ਵੱਖ-ਵੱਖ ਸੂਬਾਈ ਵਿਧਾਨ ਸਭਾ ਚੋਣਾਂ ਵਿਚ ਝੋਨੇ ਦਾ ਭਾਅ 3100 ਰੁਪਏ ਪ੍ਰਤੀ ਕੁਇੰਟਲ ਦੇਣ ਦਾ ਵਾਅਦਾ ਆਪਣੇ ਚੋਣ ਮੈਨੀਫੈਸਟੋ ਵਿਚ ਕੀਤਾ ਸੀ, ਪਰ ਹੁਣ 69 ਰੁਪਏ ਦੇ ਵਾਧੇ ਨਾਲ 2369 ਰੁਪਏ ਕੀਮਤ ਤੈਅ ਕਰਕੇ ਕਿਸਾਨਾਂ ਨਾਲ ਵੱਡਾ ਵਿਸ਼ਵਾਸ ਘਾਤ ਕੀਤਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਲਾਗਤ ਤੇ ਕੀਮਤ ਕਮਿਸ਼ਨ ਨੇ ਝੋਨੇ ਦੀ ਸੀ ਟੂ ਕੀਮਤ 2090, ਜਵਾਰ ਦੀ 3206 ,ਬਾਜਰੇ ਦੀ 2209, ਰਾਗੀ ਦੀ 3976 ,ਮੱਕੀ 1952, ਅਰਹਰ 6839, ਮੂੰਗੀ ਦੀ 7476 ਅਤੇ ਉਰਦ ਦੀ 6829 ਰੁਪਏ ਤੈਅ ਕੀਤੀ ਸੀ ਇਸ ਵਿਚ ਜੇਕਰ ਸਵਾਮੀਨਾਥਨ ਫਾਰਮੂਲੇ ਤਹਿਤ 50% ਮੁਨਾਫਾ ਜੋੜਿਆ ਜਾਵੇ ਤਾਂ ਝੋਨੇ ਦੀ ਕੀਮਤ 3135 ,ਜਵਾਰ ਦੀ 4809 ,ਬਾਜਰੇ ਦੀ 3313,ਰਾਗੀ ਦੀ 5964 ,ਮੱਕੀ ਦੀ 2928 ਅਰਹਰ ਦੀ 10258 ,ਮੂੰਗੀ ਦੀ 11214 ਅਤੇ ਉਰਦ ਦੀ 10243 ਰੁਪਏ ਕੀਮਤ ਬੱਣਦੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਇਕੱਲੇ ਝੋਨੇ ਵਿਚ ਹੀ ਕੇਂਦਰ ਸਰਕਾਰ ਨੇ 766 ਰੁਪਏ ਘੱਟ ਭਾਅ ਐਲਾਨਿਆ ਹੈ | ਇਸੇ ਤਰ੍ਹਾਂ ਜਵਾਰ ਦੀ ਕੀਮਤ 1110 ਰੁਪਏ, ਬਾਜਰੇ ਦੀ 538, ਰਾਗੀ ਦੀ 1078, ਮੱਕੀ ਦੀ 528 ਅਤੇ ਮੂੰਗੀ ਦੀ 2446 ਰੁਪਏ ਘੱਟ ਭਾਅ ਐਲਾਨੇ ਗਏ ਹਨ ਜੋਕਿ ਕਿਸਾਨਾਂ ਨਾਲ ਸ਼ਰੇਆਮ ਧੋਖਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਲਾਭਕਾਰੀ ਕੀਮਤ ਨਾ ਦੇਕੇ ਭਾਜਪਾ ਸਰਕਾਰ ਕਿਸਾਨਾਂ ਦੀ ਮਿਹਨਤ ਦੀ ਲੁੱਟ ਕਰ ਰਹੀ ਹੈ | ਇਹ ਲੁੱਟ ਕਿਸਾਨੀ ਸਿਰ ਚੜੇ ਕਰਜ਼ੇ ਦਾ ਇੱਕ ਵੱਡਾ ਕਾਰਨ ਹੈ | ਉਹਨਾਂ ਨੇ ਕੇਂਦਰ ਸਰਕਾਰ ਤੋਂ ਸਵਾਮੀਨਾਥਨ ਫਾਰਮੂਲੇ ਤਹਿਤ ਐੱਮ.ਐੱਸ.ਪੀ. ਦੇਣ ਦੀ ਪੁਰਜੋਰ ਮੰਗ ਕੀਤੀ |