ਨੂਰਪੁਰ ਬੇਦੀ, 2 ਜੂਨ (ਰਾਜੇਸ਼ ਚੌਧਰੀ ਤਖਤਗੜ੍ਹ)-ਯੋਗ ਮਨੁੱਖ ਦੇ ਸਰੀਰਕ ਤੇ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ | ਇਹ ਇਕ ਬੇਸ਼-ਕੀਮਤੀ ਪ੍ਰਾਚੀਨ ਪ੍ਰਥਾ ਹੈ, ਭਾਵੇਂ ਸਾਰੀ ਦੁਨੀਆਂ ਨੂੰ ਯੋਗਾ ਦੀ ਮਹੱਤਤਾ ਬਾਰੇ ਪਤਾ ਹੈ, ਪਰ ਮਨ ਨੂੰ ਸ਼ਾਂਤ ਰੱਖਣ ਤੇ ਸਰੀਰ ਨੂੰ ਸਿਹਤਮੰਦ ਬਣਾਏ ਰੱਖਣ 'ਚ ਯੋਗ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ | ਉਕਤ ਵਿਚਾਰ ਪ੍ਰਗਟਾਉਂਦੇ ਹੋਏ ਯੋਗਾ ਟਰੇਨਰ ਰਮੇਸ਼ ਕੁਮਾਰ ਨੇ ਦੱਸਿਆ ਕਿ ਯੋਗ ਦੇ ਫਾਇਦਿਆਂ ਨੂੰ ਦੇਖਦੇ ਹੋਏ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਦੇ ਤਹਿਤ 'ਮੁੱਖ ਮੰਤਰੀ ਯੋਗਸ਼ਾਲਾ' ਤਹਿਤ ਵੱਖ-ਵੱਖ ਥਾਵਾਂ 'ਤੇ ਯੋਗਾ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਲੋਕ ਯੋਗ ਦੇ ਫਾਇਦਿਆਂ ਪ੍ਰਤੀ ਜਾਗਰੂਕ ਹੋ ਸਕਣ ਤੇ ਇਸ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ | ਉਨ੍ਹਾਂ ਕਿਹਾ ਕਿ ਯੋਗ ਸਾਡੀ ਸਿਹਤ ਨੂੰ ਚੁਣੌਤੀ ਦੇਣ ਵਾਲੀਆਂ ਗੰਭੀਰ ਬਿਮਾਰੀਆਂ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ | ਯੋਗਾ ਟਰੇਨਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਦਿਨ 'ਚ 5 ਕਲਾਸਾ ਲੋਕਾਂ ਦੀ ਸਹੂਲਤ ਮੁਤਾਬਿਕ ਲਗਾਈਆਂ ਜਾਂਦੀਆਂ ਹਨ, ਜਿਸ 'ਚ 5 ਪਿੰਡਾਂ ਦੇ ਲਗਪਗ 150 ਵਿਅਕਤੀ ਯੋਗਾ ਕਰਨ ਲਈ ਆਉਂਦੇ ਹਨ | ਇਨ੍ਹਾਂ ਕੈਂਪਾਂ 'ਚ ਭਾਰੀ ਗਿਣਤੀ 'ਚ ਉਕਤ ਪਿੰਡਾਂ ਦੇ ਲੋਕ ਭਾਗ ਲੈ ਰਹੇ ਹਨ |