ਰੂਪਨਗਰ, 2 ਜੂਨ (ਯਸ਼ਵੰਤ ਬੱਸੀ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਜਿੰਦਰ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਵਲੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੱਤਾ ਜਾਂਦਾ ਹੈ | ਇਸ ਬਾਲ ਪੁਰਸਕਾਰ ਪ੍ਰਾਪਤੀ ਲਈ 31 ਜੁਲਾਈ 2025 ਤੱਕ ਅਪਲਾਈ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਉਨ੍ਹਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਦੂਜਿਆਂ ਲਈ ਬੇਮਿਸਾਲ ਬਹਾਦਰੀ ਦੇ ਨਿਰਸਵਾਰਥ ਕੰਮ ਕੀਤੇ ਹੋਣ, ਅਸਾਧਾਰਨ ਬਹਾਦਰੀ ਦਾ ਕੰਮ ਕੀਤਾ ਹੋਵੇ, ਵਿਸ਼ੇਸ਼ ਲੋੜਾਂ ਵਾਲੇ ਬੱਚੇ, ਜਿਨ੍ਹਾਂ ਨੇ ਅਸਾਧਾਰਨ ਯੋਗਤਾਵਾਂ ਨਾਲ ਵਿਸ਼ੇਸ਼ ਅਸਾਧਾਰਨ ਉਪਲਬਧੀ ਹਾਸਿਲ ਕੀਤੀ ਹੋਵੇ ਤੇ ਬੱਚੇ ਜਿਨ੍ਹਾਂ ਨੇ ਖੇਡਾਂ, ਸਮਾਜ ਸੇਵਾ, ਵਿਗਿਆਨ ਤੇ ਤਕਨਾਲੋਜੀ, ਵਾਤਾਵਰਨ, ਕਲਾ ਅਤੇ ਸੱਭਿਆਚਾਰ ਤੇ ਨਵੀਨਤਾ ਦੇ ਖੇਤਰਾਂ 'ਚ ਉਪਲਬਧੀ ਪ੍ਰਾਪਤ ਕੀਤੀ ਹੋਵੇ | ਉਨ੍ਹਾਂ ਦੱਸਿਆ ਕਿ ਇਹ ਇਸ ਪੁਰਸਕਾਰ 'ਚ ਇਕ ਤਗਮੇ ਤੇ ਸਰਟੀਫਿਕੇਟ ਸ਼ਾਮਿਲ ਹੁੰਦਾ ਹੈ | ਕੋਈ ਵੀ ਭਾਰਤੀ ਨਾਗਰਿਕ ਬੱਚਾ ਜੋ ਭਾਰਤ ਵਿਚ ਰਹਿ ਰਿਹਾ ਹੈ ਅਤੇ 18 ਸਾਲ ਤੱਕ ਦੀ ਉਮਰ ਦਾ ਹੈ, ਉਹ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਅਰਜ਼ੀ ਆਨਲਾਈਨ ਪੋਰਟਲ https://awards.gov.in 'ਤੇ ਆਨਲਾਈਨ ਅਪਲਾਈ ਕਰ ਸਕਦਾ ਹੈ | ਇਨ੍ਹਾਂ ਪੁਰਸਕਾਰਾਂ ਤੇ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ, ਕਮਰਾ ਨੰ 153-1, ਗਰਾਊਾਡ ਫਲੋਰ, ਡੀ. ਸੀ. ਕੰਪਲੈਕਸ 'ਤੇ ਸੰਪਰਕ ਕੀਤਾ ਜਾ ਸਕਦਾ ਹੈ |