ਸ੍ਰੀ ਚਮਕੌਰ ਸਾਹਿਬ, 1 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਮਾਰਗ ਤੇ ਪਿੰਡ ਝੱਲੀਆਂ ਕਲਾ ਦੇ ਟੋਲ ਪਲਾਜ਼ਾ ਨੇੜੇ ਸੜਕ ਦਾ ਵੱਡਾ ਹਿੱਸਾ ਖੋਖਲਾ ਹੋ ਚੁੱਕਾ ਹੈ ਤੇ ਥਲਿਓ ਖਿਸਕੀ ਮਿੱਟੀ /ਬਜਰੀ ਤੋਂ ਬਾਅਦ ਬੜਾ ਡਰਾਵਨੀ ਤਸਵੀਰ ਵਿਖਾਈ ਦੇ ਰਹੀ ਹੈ | ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਇਥੇ ਪਿਛਲੇ ਕਈ ਦਿਨਾਂ ਤੋਂ ਪਿਆ ਟੋਇਆ ਤੇ ਉਸ ਦੁਆਲੇ ਵਿਭਾਗ ਵਲੋਂ ਰੱਸੀਆਂ ਬੰਨ ਕੇ ਵਾਹਨ ਚਾਲਕਾ ਨੂੰ ਸੁਚੇਤ ਕੀਤਾ ਹੋਇਆ ਸੀ, ਪਰ ਵਿਭਾਗ ਨੇ ਇਸ ਦੀ ਮੁਰੰਮਤ ਕਰਨੀ ਮੁਨਾਸਿਬ ਨਹੀਂ ਸਮਝੀ ਤੇ ਅੱਜ ਸੜਕ ਦੇ ਹਾਲਾਤ ਕਾਫੀ ਨਾਜੁਕ ਬਣ ਚੁੱਕੇ ਹਨ | ਖੋਖਲੀ ਹੋਈ ਸੜਕ ਵਿਚਾਲੋਂ ਵੀ ਦਬ ਰਹੀ ਹੈ, ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਸ ਥਾਂ 'ਤੇ ਸੜਕਾ ਦਾ ਵੱਡਾ ਹਿੱਸਾ ਪਾਣੀ ਦੀ ਭੇਟ ਚੜ ਜਾਵੇਗਾ | ਸਮਾਜ ਸੇਵੀ ਅਮਨਦੀਪ ਸਿੰਘ ਮਾਂਗਟ, ਸਮਿੰਦਰ ਸਿੰਘ ਭੱਕੂਮਾਜਰਾ, ਧਿਆਨ ਸਿੰਘ ਭੱਕੂ ਮਾਜਰਾ, ਸਾਬਕਾ ਸਰਪੰਚ ਤੇ ਕਿਸਾਨ ਆਗੂ ਗੁਰਦੀਪ ਸਿੰਘ ਰਾਜੀ ਭੱਕੂਮਾਜਰਾ,ਰਣਧੂੀਰ ਸਿੰਘ ਗਿੱਲ ਝੱਲੀਆਂ, ਜਸਵੀਰ ਸਿੰਘ ਸੈਦਪੁਰ, ਸੰਤ ਸਿੰਘ ਦਿਓਲ,ਗੁਰਮੀਤ ਸਿੰਘ ਭੋਜੇਮਾਜਰਾ,ਸਮਸ਼ੇਰ ਸਿੰਘ ਭੋਜੇਮਾਜਰਾ ਸਾਬਕਾ ਚੇਅਰਮੈਨ, ਪਰਗਟ ਸਿੰਘ ਦਿਓਲ ਰੌਲੂਮਾਜਰਾ ਆਦਿ ਨੇ ਕਿਹਾ ਕਿ ਭਾਵੇਂ ਮੀਂਹ ਨਾਲ ਹਰ ਪਾਸੇ ਤਬਾਹੀ ਮਚੀ ਹੋਈ ਹੈ ਪਰ ਜੋ ਸਰਕਾਰ/ਪ੍ਰਸ਼ਾਸਨ/ਵਿਭਾਗ ਨੂੰ ਦਿਖਾਈ ਦੇ ਰਿਹਾ ਹੈ ਉਸ ਦੀ ਜ਼ਰੂਰ ਮੁਰੰਮਤ ਕਰ ਦੇਣ, ਕਿਉਂਕਿ ਇਸ ਥਾਂ 'ਤੇ ਕਈ ਦਿਨਾਂ ਤੋਂ ਟੋਇਆ ਪਿਆ ਹੋਇਆ ਸੀ | ਇਨ੍ਹਾਂ ਮੰਗ ਕੀਤੀ ਕਿ ਸੜਕ ਨੂੰ ਬਚਾਉਣ ਲਈ ਵਿਭਾਗ ਤੁਰੰਤ ਹਰਕਤ ਵਿਚ ਆਵੇ |