ਨੂਰਪੁਰ ਬੇਦੀ, 1 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬਲਾਕ ਨੂਰਪੁਰ ਬੇਦੀ ਸਮੇਤ ਹਿਮਾਚਲ ਤੇ ਪੰਜਾਬ ਵਿਚ ਪਿਛਲੇ ਦਿਨੀਂ ਪਈ ਭਾਰੀ ਵਰਖਾ ਕਾਰਨ ਸਤਲੁਜ ਦਰਿਆ 'ਚ ਪਾਣੀ ਦੀ ਮਾਤਰਾ ਅਚਾਨਕ ਵੱਧ ਗਈ ਹੈ | ਭਾਰੀ ਮਾਤਰਾ 'ਚ ਪਾਣੀ ਆਉਣ ਕਾਰਨ ਦਰਿਆ ਊਫਾਨ 'ਤੇ ਆ ਗਿਆ ਅਤੇ ਆਪਣੇ ਕੰਢੇ ਤੋੜ ਕੇ ਨੇੜਲੇ ਇਲਾਕਿਆਂ 'ਚ ਦਾਖਲ ਹੋ ਗਿਆ | ਖ਼ਾਸ ਕਰਕੇ ਪਿੰਡ ਅਬਿਆਣਾ ਕਲਾਂ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ | ਦਰਿਆ ਦਾ ਪਾਣੀ ਓਵਰਫਲੋਅ ਹੋ ਕੇ ਨਾ ਸਿਰਫ਼ ਨਾਲ ਲੱਗਦੇ ਖੇਤਾਂ 'ਚ ਵੜ ਗਿਆ ਹੈ, ਸਗੋਂ ਇਥੇ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਵਿਚ ਵੀ ਦਾਖਲ ਹੋ ਗਿਆ | ਪਾਣੀ ਦੇ ਘਰਾਂ ਤੇ ਧਾਰਮਿਕ ਥਾਵਾਂ ਤੱਕ ਪਹੁੰਚ ਜਾਣ ਨਾਲ ਸਥਿਤੀ ਹੋਰ ਵੀ ਚਿੰਤਾਜਨਕ ਬਣੀ ਹੋਈ ਹੈ | ਮੌਕੇ 'ਤੇ ਹਾਜ਼ਰ ਕਿਸਾਨਾਂ ਨੇ ਦੱਸਿਆ ਕਿ ਹੜ ਦੇ ਪਾਣੀ ਨੇ ਉਨ੍ਹਾਂ ਦੀ ਮੱਕੀ ਤੇ ਝੋਨੇ ਦੀ ਫ਼ਸਲ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ | ਕਈ ਕਿਸਾਨਾਂ ਦੇ ਮੁਤਾਬਕ ਉਨ੍ਹਾਂ ਦੇ ਖੇਤਾਂ 'ਚ ਖੜ੍ਹੀਆਂ ਫ਼ਸਲਾਂ ਪੂਰੀ ਤਰ੍ਹਾਂ ਪਾਣੀ ਹੇਠ ਆ ਗਈਆਂ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਸੈਂਕੜੇ ਏਕੜ 'ਚ ਖੜ੍ਹੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਲੋਕਾਂ ਨੇ ਸਰਕਾਰ ਤੋਂ ਤੁਰੰਤ ਸਹਾਇਤਾ ਤੇ ਰਾਹਤ ਕਾਰਜ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੜ ਦਾ ਪਾਣੀ ਨਾ ਰੁਕਿਆ ਗਿਆ ਤਾਂ ਹੋਰ ਪਿੰਡਾਂ ਵਿਚ ਵੀ ਇਹੀ ਸਥਿਤੀ ਪੈਦਾ ਹੋ ਸਕਦੀ ਹੈ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਖੇਤਾਂ ਅਤੇ ਘਰਾਂ ਵਿਚ ਵੜੇ ਪਾਣੀ ਨੂੰ ਕੱਢਣ ਲਈ ਤੁਰੰਤ ਇੰਤਜ਼ਾਮ ਕੀਤੇ ਜਾਣ ਤੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ |