ਨੂਰਪੁਰ ਬੇਦੀ, 2 ਸਤੰਬਰ (ਹਰਦੀਪ ਸਿੰਘ ਢੀਂਡਸਾ)-ਪਿੰਡ ਚਨੌਲੀ ਵਿਖੇ ਬਾਬਾ ਰਾਮ ਰਾਏ ਜੀ ਦਾ ਜੋਤੀ ਜੋਤ ਪੁਰਬ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਵ. ਮਹੰਤ ਗੁਰਬਚਨ ਸਿੰਘ ਦੇ ਸਮੂਹ ਪਰਿਵਾਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਸਮਾਗਮ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਨਿਸ਼ਾਨ ਸਾਹਿਬ ਚੜ੍ਹਾਉਣ ਨਾਲ ਹੋਈ | ਉਪਰੰਤ ਤਿੰਨ ਦਿਨਾਂ ਤੋਂ ਚੱਲ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਭੋਗ ਪਾਇਆ ਗਿਆ | ਭੋਗ ਉਪਰੰਤ ਵੱਖ-ਵੱਖ ਕਥਾਵਾਚਕਾਂ ਨੇ ਸ੍ਰੀ ਬਾਬਾ ਰਾਮ ਰਾਏ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ | ਇਸੇ ਕ੍ਰਮ ਦੌਰਾਨ ਢਾਡੀ ਜੱਥਾ ਕੁਲਦੀਪ ਸਿੰਘ ਪਾਰਸ ਨੇ ਵਾਰਾਂ ਗਾ ਕੇ ਸੰਗਤ ਨੂੰ ਗੁਰੂ ਸਾਹਿਬ ਦੇ ਜੀਵਨ ਬਾਰੇ ਰੌਸ਼ਨ ਕੀਤਾ | ਮਹੰਤ ਪਰਿਵਾਰ ਵਲੋਂ ਕਥਾਵਾਚਕਾਂ, ਢਾਡੀ ਜਥਿਆਂ ਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ | ਧਾਰਮਿਕ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨ ਵਾਲਿਆਂ ਵਿਚ ਆਗੂ ਕੇ.ਪੀ. ਰਾਣਾ, ਅਸ਼ਵਨੀ ਸ਼ਰਮਾ, ਹਲਕਾ ਵਿਧਾਇਕ ਦਿਨੇਸ਼ ਚੱਡਾ ਸ਼ਾਮਲ ਸਨ | ਇਸ ਮੌਕੇ ਮਹੰਤ ਹਰਭਜਨ ਸਿੰਘ, ਮਹੰਤ ਕੇਵਲ ਸਿੰਘ, ਕਰਮਜੀਤ ਸਿੰਘ ਚਹਿੜ ਮਜਾਰਾ, ਡਾ. ਦਲਜੀਤ ਸਿੰਘ ਸੋਢੀ, ਬਾਬਾ ਦੀਪਕ ਗਿਰੀ, ਦੇਸਰਾਜ ਸੈਣੀ ਮਾਜਰਾ, ਹਰਬੰਸ ਸਿੰਘ, ਸਤਨਾਮ ਨਾਗਰਾ, ਸਰਪੰਚ ਕੁਲਵਿੰਦਰ ਸਿੰਘ ਚਨੋਲੀ, ਰਣਵੀਰ ਸਿੰਘ ਪਾਠੀ, ਜਸਵੀਰ ਸਿੰਘ ਜੇਈ ਆਦਿ ਮੌਜੂਦ ਰਹੇ |