ਨੰਗਲ, 6 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਅੱਜ ਅੱਡਾ ਬ੍ਰਹਮਪੁਰ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਮੋਟਰਸਾਈਕਲ ਸਵਾਰ 21 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਨੰਗਲ ਦੇ ਡਿਊਟੀ ਅਫ਼ਸਰ ਏ.ਐਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਬਨੂੜ ਦੇ ਵਿਦਿਆਰਥੀ ਦੀਵਾਂਸ ਪੁੱਤਰ ਜਸਵੰਤ ਸਿੰਘ ਬੋਧੀ ਵਾਸੀ ਦੁਗਰੀ ਜ਼ਿਲ੍ਹਾ ਲੁਧਿਆਣਾ ਜੋ ਕਿ ਮੋਟਰਸਾਈਕਲ ਨੰਬਰ ਪੀ.ਬੀ. 10 ਕੇ.ਸੀ. 3120 'ਤੇ ਸਵਾਰ ਹੋ ਕੇ ਆਪਣੇ ਨਾਲ ਪੜ੍ਹਦੀ ਲੜਕੀ ਜਿਸ ਦੇ ਦਾਦਾ ਦੀ ਮੌਤ ਹੋ ਗਈ ਸੀ, ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿਖੇ ਛੱਡਣ ਲਈ ਜਾ ਰਿਹਾ ਸੀ ਤਾਂ ਉਕਤ ਜਗ੍ਹਾ 'ਤੇ ਅਚਾਨਕ ਇਸ ਦਾ ਮੋਟਰਸਾਈਕਲ ਸਲਿਪ ਹੋ ਗਿਆ | ਜਿਸ ਕਾਰਨ ਮੋਟਰਸਾਈਕਲ ਅਤੇ ਲੜਕੀ ਸੜਕ ਤੋਂ ਹੇਠਾਂ ਡਿੱਗ ਗਏ, ਜਦੋਂ ਕਿ ਲੜਕਾ ਸੜਕ ਦੇ ਉੱਤੇ ਡਿੱਗ ਗਿਆ ਜੋ ਕਿ ਇਸੇ ਦਿਸ਼ਾ ਤੋਂ ਆ ਰਹੇ ਇੱਕ ਟੈਂਕਰ ਨੰਬਰ ਪੀ.ਵੀ. 11 ਬੀ. ਕੇ. 7651 ਦੀ ਲਪੇਟ 'ਚ ਆ ਗਿਆ ਅਤੇ ਇਸ ਦੀ ਮੌਕੇ 'ਤੇ ਮੌਤ ਹੋ ਗਈ | ਜਦਕਿ ਲੜਕੀ ਮਾਮੂਲੀ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਨੰਗਲ ਵਿਖੇ ਭਰਤੀ ਕਰਵਾਇਆ ਗਿਆ | ਏ.ਐਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਜ਼ਖਮੀ 19 ਸਾਲਾ ਲੜਕੀ ਦੀ ਪਹਿਚਾਣ ਸੁਹਾਨੀ ਪੁੱਤਰੀ ਰਮੇਸ਼ ਕੁਮਾਰ ਬਾਸੀ ਪਿੰਡ ਖੱਬਲ, ਥਾਣਾ ਜਵਾਲੀ ਜ਼ਿਲ੍ਹਾ ਕਾਂਗੜਾ ਵਜੋਂ ਹੋਈ ਹੈ | ਉਹਨਾਂ ਕਿਹਾ ਕਿ ਪੁਲਿਸ ਵਲੋਂ ਮਿ੍ਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਟੈਂਕਰ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਤੇ ਚਾਲਕ ਕੇਸਰ ਸਿੰਘ ਪੁੱਤਰ ਸ਼ੀਤਲ ਸਿੰਘ ਪਿੰਡ ਗੰਭੀਰਪੁਰ ਪੁਲਿਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਨੂੰ ਹਿਰਾਸਤ ਵਿਚ ਲੈ ਕੇ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ |