ਸ੍ਰੀ ਅਨੰਦਪੁਰ ਸਾਹਿਬ, 6 ਸਤੰਬਰ (ਕਰਨੈਲ ਸਿੰਘ)-ਇੱਥੋਂ ਦੀ ਸਭ ਪੁਰਾਣੀ ਵਿਦਿਅਕ ਸੰਸਥਾ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਰੀ ਬਰਸਾਤ ਤੋਂ ਬਾਅਦ ਅਚਾਨਕ ਵਾਧੂ ਪਾਣੀ ਆ ਜਾਣ ਕਾਰਨ ਪਾਣੀ ਵੜ ਗਿਆ | ਇਸ ਤੋਂ ਬਿਨ੍ਹਾਂ ਇਸ ਦੇ ਨੇੜਲੇ ਇਲਾਕਿਆਂ ਦੇ ਕਈ ਘਰਾਂ ਅਤੇ ਦੁਕਾਨਾਂ ਵਿਚ ਪਾਣੀ ਵੜ ਕੇ ਹੜ੍ਹ ਵਰਗੀ ਸਥਿਤੀ ਬਣ ਗਈ | ਦੱਸਣਯੋਗ ਹੈ ਕਿ ਪਿੰਡ ਬਣੀ ਵੱਲ ਤੋਂ ਆਉਦੀ ਚੁਰਾਂ ਵਾਲੀ ਖੱਡ ਦਾ ਪਾਣੀ ਅਚਾਨਕ ਓਵਰ ਫਲੋਅ ਹੋ ਗਿਆ | ਜਿਸ ਨਾਲ ਇਹ ਪਾਣੀ ਸ਼ੜਕ ਵਿਚ ਆ ਗਿਆ ਅਤੇ ਰਕੇਸ਼ ਚੰਦ ਰਾਣਾ ਦੇ ਘਰ ਅਤੇ ਦੁਕਾਨ ਵਿੱਚ ਕਈ ਕਈ ਫੁੱਟ ਪਾਣੀ ਘੁੰਮਣ ਲੱਗਾ | ਇਸ ਤੋਂ ਬਾਅਦ ਇਸ ਪਾਣੀ ਨੇ ਉਕਤ ਖ਼ਾਲਸਾ ਸਕੂਲ ਨੂੰ ਮਾਰ ਕੀਤੀ ਅਤੇ ਉਸਦੇ ਗਰਾਂਊਡ ਅਤੇ ਕਮਰਿਆਂ ਵਿੱਚ ਪਾਣੀ ਕਈ ਕਈ ਫੁੱਟ ਭਰ ਗਿਆ | ਸਕੂਲ ਮੁਖੀ ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਪਾਣੀ ਨੇ ਸਕੂਲ ਦੇ ਖੇਡ ਦੇ ਮੈਦਾਨਾਂ ਅਤੇ ਹੋਰ ਥਾਵਾਂ ਤੇ ਨੁਕਸਾਨ ਕੀਤਾ ਹੈ | ਪਰੰਤੂ ਇਹ ਪਾਣੀ ਸ਼ੜਕ ਦੇ ਦੂਜੇ ਪਾਸੇ ਖੁੱਲ੍ਹੀ ਜਗ੍ਹਾ ਹੋਣ ਕਾਰਨ ਕੋਈ ਵੱਡਾ ਨੁਕਾਸਾਨ ਹੋਣ ਤੋਂ ਬਚ ਗਿਆ ਹੈ | ਉਨ੍ਹਾ ਕਿਹਾ ਕਿ ਸਕੂਲ ਵਿਚ ਉਨ੍ਹਾਂ ਵਲੋਂ ਅਧਿਆਪਕ ਜਸਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਵਲੋਂ ਪੂਰੀ ਸਥਿਤੀ ਦਾ ਜਾਇਜਾ ਲਿਆ ਜਾ ਰਿਹਾ ਹੈ | ਰਾਣਾ ਟੀ-ਸਟਾਲ ਦੇ ਰਕੇਸ ਚੰਦ, ਸਾਬਕਾ ਸਰਪੰਚ ਜਰਨੈਲ ਸਿੰਘ ਨੇ ਕਿਹਾ ਕਿ ਜੇਕਰ ਚੁਰਾਂ ਵਾਲੀ ਖੱਡ ਅਤੇ ਸਤਲੁਜ ਦਰਿਆ ਦੀ ਬਰਸਾਤਾਂ ਤੋਂ ਪਹਿਲਾਂ ਸਫ਼ਾਈ ਕੀਤੀ ਹੁੰਦਾ ਤਾਂ ਅੱਜ ਇਹ ਘਟਨਾ ਨਾ ਵਾਪਰਦੀ | ਉਨ੍ਹਾਂ ਕਿਹਾ ਕਿ ਸਕੂਲ ਅਤੇ ਇਸ ਦੇ ਨੇੜਲੇ ਇਲਾਕਿਆਂ ਨੂੰ ਬਰਸਾਤ ਦੇ ਦਿਨਾਂ ਵਿੱਚ ਇਹ ਸਮੱਸਿਆ ਆ ਜਾਂਦੀ ਹੈ | ਜਿਸ ਕਾਰਨ ਵੱਡਾ ਨੁਕਸਾਨ ਹੁੰਦਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਦੇ ਪੱਕੇ ਹੱਲ ਦੀ ਮੰਗ ਕੀਤੀ |