ਨੂਰਪੁਰ ਬੇਦੀ, 21 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ ਵਿਖੇ ਪਿ੍ੰਸੀਪਲ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਇੱਕ ਰੌਸ਼ਨ ਤੇ ਗੌਰਵਮਈ ਸਮਾਗਮ ਦੌਰਾਨ ਸਕੂਲ ਦੇ ਸ਼ਾਨਦਾਰ ਖਿਡਾਰੀ ਸਾਹਿਲ ਦਾ ਸਨਮਾਨ ਕੀਤਾ ਗਿਆ | ਸਾਹਿਲ ਨੇ ਜ਼ਿਲ੍ਹਾ ਪੱਧਰੀ ਪਾਵਰ ਲਿਫ਼ਟਿੰਗ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ | ਕੋਚ ਗੁਰਬਿੰਦਰ ਸਿੰਘ ਸਸਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 85 ਕਿਲੋ ਭਾਰ ਵਰਗ ਵਿਚ ਸਾਹਿਲ ਨੇ ਆਪਣੇ ਬਲਬੂਤੇ ਨਾਲ ਕਮਾਲ ਦਾ ਪ੍ਰਦਰਸ਼ਨ ਕੀਤਾ | ਉਸਨੇ ਡੈਡ ਲਿਫਟ ਵਿਚ 155 ਕਿੱਲੋ ਭਾਰ ਉਠਾਇਆ | ਵੇਟ ਸੁਕਐਟ ਵਿਚ 105 ਕਿੱਲੋ ਦਾ ਰਿਕਾਰਡ ਬਣਾਇਆ ਅਤੇ ਬੈਂਚ ਪ੍ਰੈਸ ਵਿਚ 50 ਕਿੱਲੋ ਭਾਰ ਨਾਲ ਵੱਖਰੀ ਪਛਾਣ ਬਣਾਈ | ਉਕਤ ਸਾਰੇ ਵਰਗਾਂ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਸਾਹਿਲ ਨੇ ਨਾ ਸਿਰਫ਼ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕੀਤਾ, ਬਲਕਿ ਅਗਾਮੀ ਸੂਬਾ ਪੱਧਰੀ ਮੁਕਾਬਲਿਆਂ ਲਈ ਵੀ ਆਪਣੀ ਜਗ੍ਹਾ ਬਣਾਈ | ਜੋ ਕਿ 17 ਨਵੰਬਰ ਨੂੰ ਬਠਿੰਡਾ ਵਿਖੇ ਹੋਣਗੇ | ਪਿ੍ੰ. ਸ਼ਰਮਾ ਨੇ ਸਾਹਿਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਹਿਲ ਵਰਗੇ ਵਿਦਿਆਰਥੀ ਸਕੂਲ ਦਾ ਮਾਣ ਵਧਾਉਂਦੇ ਹਨ | ਉਨ੍ਹਾਂ ਭਵਿੱਖ ਲਈ ਸਾਹਿਲ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਯਕੀਨ ਦਿਵਾਇਆ ਕਿ ਉਸਦੀ ਟਰੇਨਿੰਗ ਲਈ ਜ਼ਰੂਰੀ ਸਹੂਲਤਾਂ ਸਕੂਲ ਵਲੋਂ ਪੂਰੀਆਂ ਕੀਤੀਆਂ ਜਾਣਗੀਆਂ | ਸਕੂਲ ਸਟਾਫ਼ ਨੇ ਵੀ ਵਿਦਿਆਰਥੀ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਸਾਹਿਲ ਦੀ ਇਸ ਉਪਲਬਧੀ ਨਾਲ ਨਾ ਸਿਰਫ਼ ਉਸਦੇ ਪਰਿਵਾਰ ਦਾ ਸਿਰ ਫਖ਼ਰ ਨਾਲ ਉੱਚਾ ਹੋਇਆ ਹੈ, ਬਲਕਿ ਪੂਰੇ ਸਕੂਲ ਅਤੇ ਖੇਤਰ ਦਾ ਮਾਣ ਵੀ ਵਧਿਆ ਹੈ | ਸਮਾਗਮ 'ਚ ਲੈਕਚਰਾਰ ਪ੍ਰਲਾਦ ਸਿੰਘ, ਸੰਜੀਵ ਕੁਮਾਰ, ਰੂਬੀ ਬਾਲਾ, ਜਗਮੋਹਨ ਕੌਰ, ਰਣਜੀਤ ਕੌਰ, ਜਸਵਿੰਦਰ ਕੌਰ, ਗਗਨਦੀਪ ਕੌਰ, ਸੋਨਿਕਾ ਹੀਰਾ, ਮਨਦੀਪ ਕੌਰ, ਹਰਪ੍ਰੀਤ ਕੌਰ, ਸਿਮਰਨਜੀਤ ਕੌਰ, ਰੇਖਾ ਰਾਣੀ, ਅਮਨਪ੍ਰੀਤ ਕੌਰ, ਰਮਨਪ੍ਰੀਤ ਕੌਰ, ਨਿਸ਼ਾ ਰਾਣੀ, ਸੁਖਵਿੰਦਰ ਕੌਰ, ਕਿਰਨਜੋਤ, ਪਰਮਜੀਤ ਕੌਰ, ਪ੍ਰੇਮ ਚੰਦ, ਬਲਜੀਤ ਸਿੰਘ, ਸੁਖਵਿੰਦਰ ਸਿੰਘ, ਕਰਨ ਪ੍ਰਾਸ਼ਰ ਅਤੇ ਹਰੀ ਕਿਸ਼ਨ ਹਾਜ਼ਰ ਸਨ |