ਨੂਰਪੁਰ ਬੇਦੀ, 25 ਸਤੰਬਰ (ਵਿੰਦਰਪਾਲ ਝਾਂਡੀਆਂ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਰੂਪਨਗਰ ਵਲੋਂ ਪਿੰਡ ਗੜਬਗਾ ਵਿਖੇ ਬਾਸਮਤੀ ਵਿਚ ਚੰਗਾ ਝਾੜ ਲੈਣ ਲਈ ਤੇ ਖੇਤੀ ਰਸਾਇਣਾਂ ਦੀ ਸਹੀ ਵਰਤੋਂ ਸੰਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਡਾ. ਰਮਿੰਦਰ ਸਿੰਘ ਘੁੰਮਣ (ਡੀ. ਈ. ਐੱਸ. ਫ਼ਸਲ ਵਿਗਿਆਨ) ਨੇ ਸੰਬੋਧਨ ਕਰਦਿਆਂ ਕਿਸਾਨ ਵੀਰਾਂ ਨੂੰ ਬਾਸਮਤੀ ਦੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣੂੰ ਕਰਵਾਇਆ | ਉਨਾਂ ਨੇ ਕਿਸਾਨਾਂ ਨੂੰ ਕਣਕ ਦੀਆਂ ਨਵੀਆਂ ਕਿਸਮਾਂ ਜਿਵੇਂ ਕੇ ਪੀ. ਬੀ. ਡਬਲਿਊ 872 ਬਾਰੇ ਵਿਸਥਾਰ ਨਾਲ ਜਾਣਕਾਰੀ ਤੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਕੇਂਦਰਾਂ ਤੋਂ ਬੀਜ ਲੈਣ ਲਈ ਪ੍ਰੇਰਨਾ ਦਿੱਤੀ | ਉਨਾਂ ਨੇ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਵੱਖ-ਵੱਖ ਤਰੀਕਿਆਂ ਨਾਲ ਸੁਚੱਜੀ ਸਾਂਭ ਸੰਭਾਲ ਕਰਨ ਲਈ ਆਖਿਆ ਤੇ ਕਿਸਾਨਾਂ ਨੂੰ ਸੁਪਰ ਸੀਡਰ , ਹੈਪੀ ਸੀਡਰ, ਪੀ. ਏ. ਯੂ. ਸਮਾਰਟ ਸੀਡਰ ਆਦਿ ਨਾਲ ਕਣਕ ਦੀ ਬਿਜਾਈ ਬਾਰੇ ਦੱਸਿਆ | ਯੂਨੀਵਰਸਿਟੀ ਵਲੋਂ ਕਿਸਾਨਾਂ ਲਈ ਲਗਾਏ ਜਾ ਰਹੇ ਵੱਖ ਵੱਖ ਕਿੱਤਾ ਮੁਖੀ ਸਿਖਲਾਈ ਪ੍ਰੋਗਰਾਮਾਂ ਬਾਰੇ ਅਤੇ ਨੌਜਵਾਨਾਂ ਨੂੰ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਖੇਤੀ ਉਤਪਾਦ ਦੀ ਪ੍ਰੋਸੇਸਸਿੰਗ ਤੇ ਪੈਕਿੰਗ ਨੂੰ ਅਪਣਾਉਣ ਲਈ ਜਾਣਕਾਰੀ ਦਿੱਤੀ ਗਈ | ਡਾ. ਅਵਨੀਤ ਕੌਰ (ਡੀ. ਈ. ਐੱਸ. ਫਲ ਵਿਗਿਆਨ) ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ ਲਈ ਪ੍ਰੇਰਨਾ ਦਿੰਦਿਆਂ ਬਾਗ਼ਬਾਨੀ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਆਖਿਆ | ਇਸ ਮੌਕੇ ਭਜਨ ਸਿੰਘ, ਲਖਵਿੰਦਰ ਸਿੰਘ, ਤੇਜਿੰਦਰ ਸਿੰਘ ਪਿੰਟੂ, ਕਰਮਜੀਤ ਸਿੰਘ ਭੰਗੂ, ਗੁਰਦਾਸ ਰਾਮ, ਗੁਰਚਰਨ ਸਿੰਘ, ਸੁਰਜੀਤ ਸਿੰਘ, ਜਸਕਰਨ ਸਿੰਘ ਭਿੰਡਰ ਤੇ ਚਰਨਜੀਤ ਸਿੰਘ ਆਦਿ ਸਮੇਤ ਕਾਫ਼ੀ ਗਿਣਤੀ 'ਚ ਕਿਸਾਨ ਹਾਜ਼ਰ ਸਨ |