ਨੂਰਪੁਰ ਬੇਦੀ, 26 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਲੋਂ ਸਵ. ਸੁਰਜੀਤ ਕੁਮਾਰ ਜੀ ਦੇ 77ਵੇਂ ਜਨਮ ਦਿਨ ਮੌਕੇ ਖ਼ੂਨਦਾਨ ਕੈਂਪ ਤੇ ਮੁਫ਼ਤ ਮੈਡੀਕਲ ਕੈਂਪ 2 ਅਕਤੂਬਰ ਨੂੰ ਸਕੂਲ ਵਿਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ | ਸਕੂਲ ਚੇਅਰਮੈਨ ਅਮਿਤ ਚੱਢਾ ਤੇ ਐਮਡੀ ਕੇਸ਼ਵ ਕੁਮਾਰ ਨੇ ਦੱਸਿਆ ਕਿ ਖ਼ੂਨਦਾਨ ਕੈਂਪ ਵਿਚ ਪੀ. ਜੀ. ਆਈ. ਚੰਡੀਗੜ੍ਹ ਬਲੱਡ ਬੈਂਕ ਦੀ ਟੀਮ ਵਲੋਂ ਖ਼ੂਨ ਇਕੱਤਰ ਕੀਤਾ ਜਾਵੇਗਾ | ਇਸਦੇ ਨਾਲ ਹੀ ਨੂਰਪੁਰ ਬੇਦੀ ਦੇ ਪ੍ਰਸਿੱਧ ਗੁਰਦੇਵ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ | ਇਸ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ, ਜਦਕਿ ਈ. ਸੀ. ਜੀ., ਬਲੱਡ ਸ਼ੂਗਰ ਅਤੇ ਬੀ. ਪੀ. ਸਮੇਤ ਕਈ ਟੈੱਸਟ ਮੁਫ਼ਤ ਕੀਤੇ ਜਾਣਗੇ | ਸਕੂਲ ਪ੍ਰਬੰਧਕ ਕਮੇਟੀ ਤੇ ਸਮੂਹ ਸਟਾਫ਼ ਨੇ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿਚ ਪਹੁੰਚ ਕੇ ਖ਼ੂਨਦਾਨ ਤੇ ਮੈਡੀਕਲ ਕੈਂਪ ਨੂੰ ਕਾਮਯਾਬ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ |