ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਖ਼ਾਲਸਾ ਏਡ ਕੁਲੈਕਸ਼ਨ ਸੈਂਟਰ ਰੂਪਨਗਰ ਵਲੋਂ ਹੜ੍ਹ ਪੀੜਤਾਂ ਲਈ ਦੋ ਟਰੱਕ ਰਾਹਤ ਸਮਗਰੀ ਭੇਜੀ ਗਈ | ਸੇਵਾਦਾਰ ਮਨਪ੍ਰੀਤ ਸਿੰਘ ਘਨੌਲੀ, ਪਰਵਿੰਦਰ ਪਾਲ ਸਿੰਘ ਬਿੰਟਾ, ਅਜਮੇਰ ਸਿੰਘ ਅਤੇ ਮਨਜਿੰਦਰ ਸਿੰਘ ਮਨੀ ਲਾਡਲ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਵਿਚ ਹੜ੍ਹ ਆਏ ਹਨ, ਕਲਗੀਧਰ ਕੰਨਿਆ ਪਾਠਸ਼ਾਲਾ ਰੂਪਨਗਰ ਵਿਚ ਜ਼ਿਲ੍ਹਾ ਪੱਧਰੀ ਕੁਲੈਕਸ਼ਨ ਸੈਂਟਰ ਚੱਲ ਰਿਹਾ ਹੈ, ਜਿੱਥੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਮਿਲ ਕੇ ਸੇਵਾ ਕਰ ਰਹੀਆਂ ਹਨ | ਅੱਜ ਭੇਜੀ ਸਮਗਰੀ ਵਿਚ ਪਾਣੀ, ਰਾਸ਼ਨ ਕਿੱਟਾਂ, ਮੱਛਰਦਾਨੀਆਂ, ਸਫ਼ਾਈ ਸਮਗਰੀ, ਕੰਬਲ, ਬਿਸਕੁਟ ਅਤੇ ਦਵਾਈਆਂ ਸ਼ਾਮਲ ਸਨ | ਮਨਪ੍ਰੀਤ ਸਿੰਘ ਘਨੌਲੀ ਨੇ ਸਾਰੀਆਂ ਸੰਸਥਾਵਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਖ਼ਾਲਸਾ ਏਡ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮੁੜ ਵਸੇਬਾ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੈ | ਉਨ੍ਹਾਂ ਅਪੀਲ ਕੀਤੀ ਕਿ ਹੋਰ ਸੰਗਤਾਂ ਵੱਧ ਚੜ੍ਹ ਕੇ ਸਹਿਯੋਗ ਕਰਨ ਲਈ ਖ਼ਾਲਸਾ ਏਡ ਦੇ ਜ਼ਿਲ੍ਹਾ ਨੰਬਰ 62838-64343 ਜਾਂ ਦਫ਼ਤਰ ਨਾਲ ਸੰਪਰਕ ਕਰ ਸਕਦੀਆਂ ਹਨ |