ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਗੁਰੂ ਹਰਗੋਬਿੰਦ ਨਗਰ ਸੁਧਾਰ ਕਮੇਟੀ ਦੀ ਮੀਟਿੰਗ ਕੇਹਰ ਸਿੰਘ (ਰਿਟਾਇਰਡ ਇੰਸਪੈਕਟਰ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਈ ਮਹੱਤਵਪੂਰਨ ਫ਼ੈਸਲੇ ਕੀਤੇ ਗਏ | ਕਮੇਟੀ ਵਲੋਂ ਮਹੰਤਾ ਲਈ 5100 ਰੁਪਏ ਦੀ ਵਧਾਈ ਭੇਟ ਦਾ ਐਲਾਨ ਕੀਤਾ ਗਿਆ | ਇਸ ਤੋਂ ਇਲਾਵਾ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਕਮੇਟੀ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਵਾਸੀਆਂ ਨੂੰ ਕਿਰਾਏ 'ਤੇ ਰੱਖਣ ਤੋਂ ਪਹਿਲਾਂ ਸੁਚੇਤ ਹੋਣ ਅਤੇ ਜੋ ਕਿਰਾਏਦਾਰ ਪਹਿਲਾਂ ਤੋਂ ਰਹਿ ਰਹੇ ਹਨ, ਉਨ੍ਹਾਂ ਦਾ ਆਧਾਰ ਕਾਰਡ, ਫ਼ੋਟੋ ਅਤੇ ਪਰਿਵਾਰਕ ਵੇਰਵਾ ਤੁਰੰਤ ਸੰਬੰਧਤ ਥਾਣੇ ਵਿਚ ਜਮ੍ਹਾਂ ਕਰਵਾਇਆ ਜਾਵੇ ਤਾਂ ਜੋ ਵੈਰੀਫਿਕੇਸ਼ਨ ਪੂਰੀ ਹੋ ਸਕੇ | ਮੁਹੱਲੇ ਵਿਚ ਤੰਬਾਕੂ ਵਰਤੋਂ 'ਤੇ ਰੋਕ ਲਗਾਉਣ, ਸਫ਼ਾਈ ਵੱਲ ਖ਼ਾਸ ਧਿਆਨ ਦੇਣ ਅਤੇ ਗਲੀਆਂ ਵਿਚ ਜਿੱਥੇ ਵੀ ਬਰਸਾਤੀ ਪਾਣੀ ਖੜਦਾ ਹੈ ਜਾਂ ਸੀਵਰੇਜ ਬਲਾਕ ਹੁੰਦਾ ਹੈ, ਉਸ ਬਾਰੇ ਨਗਰ ਕੌਂਸਲ ਦੇ ਈ. ਓ. ਨੂੰ ਤੁਰੰਤ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਗਈ | ਇਸੇ ਤਰ੍ਹਾਂ, ਮੁੱਖ ਸੜਕ ਜੋ ਹਰਗੋਬਿੰਦ ਨਗਰ ਤੋਂ ਬਾਈਪਾਸ ਤੱਕ ਜਾਂਦੀ ਹੈ, ਉਸਦੀ ਮੁਰੰਮਤ ਲਈ ਹਲਕਾ ਵਿਧਾਇਕ ਨਾਲ ਸੰਪਰਕ ਕਰਨ 'ਤੇ ਵੀ ਸਹਿਮਤੀ ਬਣੀ, ਤਾਂ ਜੋ ਬਰਸਾਤ ਦੇ ਦਿਨਾਂ ਵਿਚ ਨਿਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ | ਮੀਟਿੰਗ ਵਿਚ ਜਗਪਾਲ ਸਿੰਘ, ਅਮਰਜੀਤ ਸਿੰਘ, ਮਹਿੰਦਰ ਸਿੰਘ ਕੋਚ, ਰਣਜੀਤ ਸਿੰਘ, ਸਤਪਾਲ ਅਗਨੀਹੋਤਰੀ, ਸੁਰਜੀਤ ਸਿੰਘ, ਸਵਰਨ ਸਿੰਘ ਤੇ ਅਵਤਾਰ ਸਿੰਘ ਹਾਜ਼ਰ ਸਨ |