ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਵਿਚ ਚਲਾਈ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਹਲਕਾ ਰੂਪਨਗਰ ਵਿਚ ਨਿਯੁਕਤ ਬਲਾਕ ਕੋਆਰਡੀਨੇਟਰਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਵਿਧਾਇਕ ਦਿਨੇਸ਼ ਚੱਢਾ ਨੇ ਸਨਮਾਨਿਤ ਕੀਤਾ | ਪਿਛਲੇ ਦਿਨੀਂ ਨਿਯੁਕਤ ਕੀਤੇ ਗਏ ਇਹ ਕੋਆਰਡੀਨੇਟਰ ਪਿੰਡ-ਪਿੰਡ ਪਹੁੰਚ ਕੇ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਫੈਲਾਉਣ, ਲੋਕਾਂ ਨੂੰ ਜੋੜਨ ਅਤੇ ਇਸ ਬੁਰਾਈ ਤੋਂ ਦੂਰ ਰੱਖਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ | ਉਨ੍ਹਾਂ ਦੀ ਮਿਹਨਤ ਕਾਰਨ ਹਲਕੇ ਵਿਚ ਨਸ਼ਿਆਂ ਵਿਰੁੱਧ ਲੜਾਈ ਨੂੰ ਅਹਿਮ ਸਫ਼ਲਤਾਵਾਂ ਮਿਲੀਆਂ ਹਨ | ਦਿਨੇਸ਼ ਚੱਢਾ ਨੇ ਕਿਹਾ ਕਿ ਮੁਹਿੰਮ ਸਿਰਫ਼ ਇੱਕ ਸਰਕਾਰੀ ਕਦਮ ਨਹੀਂ, ਸਗੋਂ ਲੋਕ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ, ਨਸ਼ਿਆਂ ਵਿਰੁੱਧ ਇਸ ਲੜਾਈ ਨੇ ਘਰ-ਘਰ ਵਿਚ ਉਮੀਦ ਜਗਾਈ ਹੈ ਅਤੇ ਵੱਡੀ ਗਿਣਤੀ ਵਿਚ ਨਸ਼ਿਆਂ ਦੇ ਸੁਦਾਗਰਾਂ ਨੂੰ ਕਾਬੂ ਕੀਤਾ ਗਿਆ ਹੈ | ਚੱਢਾ ਨੇ ਹੋਰ ਕਿਹਾ ਕਿ ਜੇਕਰ ਸਮਾਜ ਦਾ ਹਰ ਵਰਗ ਇਸ ਮੁਹਿੰਮ ਨੂੰ ਆਪਣਾ ਸਮਝ ਕੇ ਅੱਗੇ ਵਧਾਵੇ, ਤਾਂ ਅਸੀਂ ਪੰਜਾਬ ਨੂੰ ਨਸ਼ਾਮੁਕਤ ਬਣਾਉਣ ਵਿਚ ਕਾਮਯਾਬ ਹੋਵਾਂਗੇ | ਇਹ ਕੋਆਰਡੀਨੇਟਰ ਸਾਡੀ ਲੜਾਈ ਦੇ ਅਸਲੀ ਸੂਰਮੇ ਹਨ, ਜਿਨ੍ਹਾਂ ਨੇ ਲੋਕਾਂ ਨੂੰ ਜੋੜ ਕੇ ਮਜ਼ਬੂਤ ਮੋਰਚਾ ਤਿਆਰ ਕੀਤਾ ਹੈ | ਉਨ੍ਹਾਂ ਵਚਨ ਦਿੱਤਾ ਕਿ ਸਰਕਾਰ ਹਮੇਸ਼ਾ ਅਜਿਹੇ ਯੋਧਿਆਂ ਨੂੰ ਮਾਣ ਦੇਵੇਗੀ | ਇਸ ਮੌਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਲਕਾ ਕੋਆਰਡੀਨੇਟਰ ਸਰਪੰਚ ਅਵਤਾਰ ਸਿੰਘ ਕੂੰਨਰ, ਜਤਿੰਦਰ ਸਿੰਘ ਕਾਕਾ, ਰਾਮ ਪ੍ਰਤਾਪ ਤਾਰੀ ਸਰਥਲੀ, ਸੁਰਿੰਦਰ ਸਿੰਘ ਕੰਗ ਸਮੇਤ ਕਈ ਹੋਰ ਹਸਤੀਆਂ ਮੌਜੂਦ ਸਨ |