ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਬੱਚਿਆਂ ਲਈ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਆਂਗਣਵਾੜੀ ਕੇਂਦਰਾਂ ਵਿਚ ਪੋਸ਼ਣ ਵਾਟਿਕਾਵਾਂ ਵਿਕਸਿਤ ਕੀਤੀਆਂ ਜਾਣ ਅਤੇ ਸਕੂਲਾਂ ਦੀਆਂ ਖ਼ਾਲੀ ਥਾਵਾਂ 'ਤੇ ਫਲ, ਸਬਜ਼ੀਆਂ ਨਾਲ ਨਾਲ ਹਰਬਲ ਅਤੇ ਦਵਾਈ ਗੁਣਾਂ ਵਾਲੇ ਪੌਦੇ ਲਗਾਏ ਜਾਣ | ਚੇਅਰਮੈਨ ਨੇ ਮਿਡ-ਡੇ ਮੀਲ ਦੀ ਗੁਣਵੱਤਾ 'ਤੇ ਧਿਆਨ ਦਿੰਦਿਆਂ ਕਿਹਾ ਕਿ ਰਾਸ਼ਨ ਦੀ ਢੁਕਵੀਂ ਸਟੋਰੇਜ, ਖਾਣਾ ਤਿਆਰ ਕਰਨ ਸਮੇਂ ਸਾਫ਼-ਸਫਾਈ ਅਤੇ ਕੁੱਕਾਂ/ਹੈਲਪਰਾਂ ਨੂੰ ਬਾਕਾਇਦਾ ਸਿਖਲਾਈ ਮਿਲਣੀ ਲਾਜ਼ਮੀ ਹੈ | ਉਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਸਿਹਤ ਜਾਂਚ ਦਾ ਢੁਕਵਾਂ ਰਿਕਾਰਡ ਰੱਖਣ ਲਈ ਵੀ ਕਿਹਾ | ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ 834 ਸਕੂਲਾਂ ਵਿਚ ਮਿਡ-ਡੇ ਮੀਲ ਸਕੀਮ ਚੱਲ ਰਹੀ ਹੈ, ਜਿੱਥੇ 1494 ਕੁੱਕ ਸੇਵਾਵਾਂ ਦੇ ਰਹੇ ਹਨ | ਇਸ ਤੋਂ ਇਲਾਵਾ 353 ਸਕੂਲਾਂ ਵਿਚ ਕਿਚਨ ਗਾਰਡਨ ਵੀ ਚੱਲ ਰਹੇ ਹਨ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਸਮੇਤ ਕਈ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |