ਸ੍ਰੀ ਅਨੰਦਪੁਰ ਸਾਹਿਬ, 27 ਸਤੰਬਰ (ਕਰਨੈਲ ਸਿੰਘ)-ਪੰਜਾਬ ਦਾ ਮਾਝੇ ਦਾ ਇਲਾਕਾ ਜਿਥੇ ਹੜ੍ਹਾਂ ਦੀ ਮਾਰ ਨੂੰ ਝੱਲ ਰਿਹਾ ਹੈ ਉਥੇ ਕੁੱਝ ਜ਼ਿਲਿ੍ਹਆਂ ਵਿਚ ਝੋਨੇ ਤੇ ਵਾਇਰਸ ਰੋਗ ਦਾ ਵੱਡਾ ਹਮਲਾ ਹੋਇਆ ਹੈ ਜਿਸ ਦਾ ਖ਼ਮਿਆਜ਼ਾ ਰੂਪਨਗਰ ਜ਼ਿਲੇ੍ਹ ਦੇ ਉਨ੍ਹਾਂ ਕਿਸਾਨਾਂ ਨੂੰ ਭੋਗਣਾ ਪੈ ਰਿਹਾ ਹੈ, ਜਿਨ੍ਹਾਂ ਨੇ ਸਰਕਾਰ ਤੇ ਭਰੋਸਾ ਕਰਕੇ ਹਾਈਬਿ੍ਡ ਬੀਜ ਛੱਡ ਕੇ ਯੂਨੀਵਰਸਿਟੀ ਵਲੋਂ ਪ੍ਰਮਾਣਿਤ ਪਰਮਲ ਝੋਨੇ ਦੇ ਬੀਜ ਬੀਜੇ ਹਨ | ਦੋ ਸਾਲ ਪਹਿਲਾਂ ਵੀ ਅਜਿਹਾ ਹੀ ਬੋਨਾ ਰੋਗ ਝੋਨੇ ਨੂੰ ਪਿਆ ਸੀ, ਜਿਸ ਦਾ ਨੁਕਸਾਨ ਕਿਸਾਨਾਂ ਨੇ ਉਠਾਇਆ | ਜਿਵੇਂ ਜਿਵੇਂ ਝੋਨਾ ਪੱਕਣ ਵੱਲ ਵਧਦਾ ਹੈ ਬੋਨੇ ਰੋਗ ਤੋਂ ਪ੍ਰਭਾਵਿਤ ਝੋਨੇ ਦੇ ਬੂਟੇ ਸੁੰਗੜ ਦੇ ਜਾਂਦੇ ਹਨ ਵੱਖ-ਵੱਖ ਦੁਕਾਨਦਾਰਾਂ ਦੀਆਂ ਸਲਾਹਾਂ 'ਤੇ ਕਈ ਕਈ ਸਪਰੇ ਕਰਨ ਤੋਂ ਬਾਅਦ ਵੀ ਇਸ 'ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ | ਕਿਸਾਨਾਂ ਨੇ ਝੋਨੇ ਦੀ ਲਵਾਈ ਤੋਂ ਲੈ ਕੇ ਦਵਾਈਆਂ ਦੇ ਛਿੜਕਾਅ ਆਦਿ ਦੇ ਅਣਗਿਣਤ ਖ਼ਰਚੇ ਕੀਤੇ ਹੋਏ ਹਨ ਇਹ ਕਿਸਾਨਾਂ 'ਤੇ ਕੁਦਰਤੀ ਮਾਰ ਹੈ, ਸੋ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਇਸ ਸੰਬੰਧੀ ਲਿਖਤੀ ਮੇਲ ਰਾਹੀਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਰੂਪਨਗਰ ਅਤੇ ਚੀਫ ਐਗਰੀਕਲਚਰ ਅਫ਼ਸਰ ਨੂੰ ਜਾਣਕਾਰੀ ਸਾਂਝੀ ਕੀਤੀ ਹੈ ਖ਼ਰਾਬ ਹੋ ਰਹੇ ਝੋਨੇ ਦਾ ਡਾਕਟਰੀ ਮੁਆਇਨਾ ਕਰਾ ਕੇ ਤੁਰੰਤ ਗਿਰਦਾਵਰੀ ਕਰਾਉਣ ਦੀ ਮੰਗ ਕੀਤੀ ਹੈ | ਹੜ੍ਹ ਪੀੜਤਾਂ ਦੀ ਤਰਜ਼ ਤੇ ਕਿਸਾਨਾਂ ਨੂੰ ਘੱਟੋ ਘੱਟ 25 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ | ਇਸ ਸਮੇਂ ਕਿਸਾਨ ਆਗੂ ਜੈਮਲ ਸਿੰਘ ਭੜੀ, ਸੁਰਜੀਤ ਸਿੰਘ ਚਹਿੜ ਮਜਾਰਾ, ਸਰਕਲ ਪ੍ਰਧਾਨ ਸੰਤ ਸਿੰਘ ਹਜਾਰਾ, ਸਰਕਲ ਪ੍ਰਧਾਨ ਬਲਵੀਰ ਸਿੰਘ ਬੜਾ ਪਿੰਡ, ਬਲਵੰਤ ਸਿੰਘ ਮੀਆਂਪੁਰ ਖਾੜਾ, ਜਸਵਿੰਦਰ ਸਿੰਘ, ਢਾਡੀ ਮਨਜੀਤ ਸਿੰਘ ਰਾਹੀ ਮੁੱਖ ਮਹਿੰਦਰ ਸਿੰਘ ਬੁੰਗਾ ਸਾਹਿਬ ਆਦਿ ਹਾਜ਼ਰ ਰਹੇ |