ਨੂਰਪੁਰ ਬੇਦੀ, 27 ਸਤੰਬਰ (ਵਿੰਦਰਪਾਲ ਝਾਂਡੀਆਂ)-ਦਿਨ ਪ੍ਰਤੀ ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਤੇ ਸਾਫ਼ ਸੁਥਰਾ ਰੱਖਣ ਲਈ ਗ੍ਰਾਮ ਪੰਚਾਇਤ ਸੁੱਖੇਮਾਜਰਾ ਵਲੋਂ ਮਨਰੇਗਾ ਮਜ਼ਦੂਰਾਂ ਦੇ ਸਹਿਯੋਗ ਨਾਲ ਪਿੰਡ 'ਚ ਕਰੀਬ 1500 ਫਲਦਾਰ ਤੇ ਹੋਰ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ | ਇਸ ਮੌਕੇ ਪਿੰਡ ਦੇ ਸਰਪੰਚ ਰਾਮ ਧਨ ਬਾਠ ਨੇ ਕਿਹਾ ਕਿ ਪ੍ਰਕਿਰਤੀ ਸਾਡੇ ਜੀਵਨ ਦੀ ਆਧਾਰ ਸ਼ਕਤੀ ਹੈ ਤੇ ਵਾਤਾਵਰਨ ਦੀ ਸੁਰੱਖਿਆ ਹਰ ਇਕ ਦੀ ਮੁੱਢਲੀ ਜ਼ਿੰਮੇਵਾਰੀ ਬਣਦੀ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਪ੍ਰਦੂਸ਼ਣ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਪਿੰਡ ਵਾਸੀਆਂ ਵਲੋਂ ਇਕੱਠੇ ਹੋ ਕੇ ਮਨਰੇਗਾ ਮਜ਼ਦੂਰਾਂ ਦੀ ਸਹਾਇਤਾ ਨਾਲ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਆਉਣ ਵਾਲੀ ਪੀੜੀ ਨੂੰ ਸਾਫ਼ ਹਵਾ ਤੇ ਸਵੱਛ ਵਾਤਾਵਰਨ ਮਿਲ ਸਕੇ | ਸਰਪੰਚ ਬਾਠ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਵੇਂ ਉਨ੍ਹਾਂ ਨੇ ਮਿਲ ਕੇ ਬੂਟੇ ਲਗਾਏ ਹਨ, ਉਸੇ ਤਰ੍ਹਾਂ ਉਨ੍ਹਾਂ ਦੀ ਦੇਖਭਾਲ ਕਰਨਾ ਵੀ ਹਰ ਇਕ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ | ਉਨ੍ਹਾਂ ਕਿਹਾ ਕਿ ਜੇ ਹਰ ਪਰਿਵਾਰ ਇਕ-ਇਕ ਬੂਟੇ ਨੂੰ ਵੀ ਆਪਣੀ ਸੰਤਾਨ ਵਾਂਗ ਸੰਭਾਲੇ ਤਾਂ ਪਿੰਡ ਦਾ ਰੂਪ ਕੁੱਝ ਹੀ ਸਾਲਾਂ 'ਚ ਹੋਰ ਵੀ ਖਿੜ ਜਾਵੇਗਾ | ਇਸ ਮੌਕੇ ਪਿੰਡ ਵਾਸੀਆਂ ਨੇ ਪੰਚਾਇਤ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਨਸਾਨ ਨੂੰ ਸ਼ੁੱਧ ਵਾਤਾਵਰਨ ਲਈ 33 ਫੀਸਦੀ ਜੰਗਲ ਚਾਹੀਦੇ ਹਨ, ਜਿਸ ਕਰ ਕੇ ਸਭ ਨੂੰ ਵਾਤਾਵਰਨ ਸੰਭਾਲ ਦੀ ਦਿਸ਼ਾ 'ਚ ਕਾਰਜਸ਼ੀਲ ਹੋਣਾ ਸਮੇਂ ਦੀ ਮੁੱਖ ਲੋੜ ਹੈ |