ਰੂਪਨਗਰ, 1 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਸਿਵਲ ਸਰਜਨ ਦਫ਼ਤਰ ਰੂਪਨਗਰ ਵਲੋਂ ਅੱਜ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਦੇ ਮੌਕੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਸੈਮੀਨਾਰ ਦੀ ਅਗਵਾਈ ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਜ਼ਿਲ੍ਹੇ ਦੇ ਸਿਹਤ ਵਿਭਾਗ ਨਾਲ ਜੁੜੇ ਕਮਿਊਨਿਟੀ ਹੈਲਥ ਅਫ਼ਸਰ, ਮਲਟੀਪਰਪਜ ਹੈਲਥ ਵਰਕਰ ਮੇਲ ਅਤੇ ਫੀਮੇਲ ਅੱਗੇ ਸ਼ਿਰਕਤ ਕੀਤੀ | ਸੈਮੀਨਾਰ ਦੌਰਾਨ ਸਿਵਲ ਸਰਜਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਤੰਬਾਕੂ ਮਨੁੱਖੀ ਸਿਹਤ ਲਈ ਸਭ ਤੋਂ ਵੱਧ ਨੁਕਸਾਨਦੇਹ ਆਦਤ ਹੈ, ਜੋ ਕੈਂਸਰ, ਦਿਲ ਦੀਆਂ ਬਿਮਾਰੀਆਂ, ਫੇਫੜਿਆਂ ਦੀਆਂ ਗੰਭੀਰ ਸਮੱਸਿਆਵਾਂ, ਸਟਰੋਕ ਅਤੇ ਮੌਤ ਦਾ ਕਰਣ ਬਣਦੀ ਹੈ | ਉਨ੍ਹਾਂ ਜ਼ਿਕਰ ਕੀਤਾ ਕਿ ਵਿਸ਼ਵ ਪੱਧਰ 'ਤੇ ਹਰ ਸਾਲ ਲੱਖਾਂ ਲੋਕ ਤੰਬਾਕੂ ਸੰਬੰਧੀ ਬਿਮਾਰੀਆਂ ਕਰਕੇ ਆਪਣੀ ਜਾਨ ਗਵਾ ਬੈਠਦੇ ਹਨ | ਇਸ ਦੇ ਬਾਵਜੂਦ ਵੀ ਤੰਬਾਕੂ ਦੀ ਵਰਤੋਂ ਨੂੰ ਲੈ ਕੇ ਅਜੇ ਵੀ ਕਈ ਭਰਮ ਅਤੇ ਅਮਲ ਲੋਕਾਂ ਵਿਚ ਮੌਜੂਦ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਲਗਾਤਾਰ ਜਾਗਰੂਕਤਾ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਤੰਬਾਕੂ ਮੁਕਤ ਪੰਜਾਬ ਬਣਾਉਣ ਲਈ ਕੋਟਪਾ ਐਕਟ ਦੀ ਕੜੀ ਪਾਲਣਾ, ਜਨਤਕ ਸਥਾਨਾਂ 'ਤੇ ਧੂਮਰਪਾਨ 'ਤੇ ਪਾਬੰਦੀ, ਤੰਬਾਕੂ ਪਦਾਰਥਾਂ ਦੀ ਵਿਕਰੀ 'ਤੇ ਸਖ਼ਤ ਨਿਯਮ ਬਣਾਏ ਗਏ ਹਨ | ਇਸ ਮੌਕੇ ਜ਼ਿਲ੍ਹਾ ਡੇਂਟਲ ਸਿਹਤ ਅਫ਼ਸਰ ਵਲੋਂ ਤੰਬਾਕੂ ਦੇ ਨੁਕਸਾਨਾਂ, ਇਸ ਦੇ ਕਿਸਮਾਂ ਜਿਵੇਂ ਬੀੜੀ, ਸਿਗਰਟ, ਖੈਣੀ, ਗੁਟਖਾ, ਜਰਦਾ ਅਤੇ ਹੂਕਾ ਵਰਗੇ ਪਦਾਰਥਾਂ ਦੇ ਮਨੁੱਖੀ ਸਰੀਰ 'ਤੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਦੂਜੇ ਪਾਸੇ (ਪੈਸਿਵ ਸਮੋਕਿੰਗ) ਵੀ ਉਨ੍ਹਾਂ ਹੀ ਨੁਕਸਾਨ ਕਰਦਾ ਹੈ ਜਿੰਨਾ ਸਿੱਧੇ ਤੌਰ 'ਤੇ ਤੰਬਾਕੂ ਸੇਵਨ ਕਰਨਾ ਕਰਦਾ ਹੈ | ਛੋਟੇ ਬੱਚਿਆਂ ਵਿਚ ਇਸ ਦੇ ਕਾਰਨ ਦਮਾ, ਐਲਰਜੀ, ਨਿਊਮੋਨੀਆ ਜਿਹੀਆਂ ਗੰਭੀਰ ਬਿਮਾਰੀਆਂ ਜਨਮ ਲੈਂਦੀਆਂ ਹਨ | ਸੈਮੀਨਾਰ ਵਿਚ ਤੰਬਾਕੂ ਤੋਂ ਛੁਟਕਾਰਾ ਲਈ ਉਪਲਬਧ ਦਵਾਈਆਂ, ਮਨੋਵਿਗਿਆਨਿਕ ਸਹਾਇਤਾ, ਕਾਊਾਸਲਿੰਗ ਅਤੇ ਸਿਹਤ ਵਿਭਾਗ ਦੀਆਂ ਸਰਕਾਰੀ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅੰਜਲੀ ਚੌਧਰੀ, ਡਾ. ਭਵਲੀਨ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਮੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੋਲੀ ਸਿੰਗਲਾ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਸਿੰਘ ਅਤੇ ਰੀਤੂ, ਐਸ. ਆਈ. ਲਖਵੀਰ ਸਿੰਘ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਹਾਜ਼ਰ ਸਨ |