ਨੂਰਪੁਰ ਬੇਦੀ, 1 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਿਹਤ ਵਿਭਾਗ ਦਾ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ (ਆਰ.ਬੀ.ਐੱਸ.ਕੇ) ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਇਸ ਪ੍ਰੋਗਰਾਮ ਤਹਿਤ ਮੁਫ਼ਤ ਦਿਲ ਦਾ ਆਪ੍ਰੇਸ਼ਨ ਕਰਵਾ ਕੇ ਪਰਤੇ ਸਰਕਾਰੀ ਪ੍ਰਾਇਮਰੀ ਸਕੂਲ ਨੂਰਪੁਰ ਕਲਾਂ ਦੇ 7 ਸਾਲਾ ਬੱਚੇ ਨੂੰ ਨਵਾਂ ਜੀਵਨ ਮਿਲਿਆ ਹੈ | ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ਸਿੰਘਪੁਰ ਦੇ ਡਾ. ਵਿਖੇ ਸੈਣੀ ਅਤੇ ਉਨ੍ਹਾਂ ਦੀ ਟੀਮ ਨੇ ਸਕੂਲ ਵਿਖੇ ਪਹੁੰਚ ਕੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਸੀ | ਜਿਸ ਦੌਰਾਨ ਦੂਸਰੀ ਕਲਾਸ ਦੇ 7 ਸਾਲਾ ਬੱਚੇ ਮੁਹੰਮਦ ਅਮੀਨ ਪੁੱਤਰ ਮੁਹੰਮਦ ਰਫੀਕ ਨਿਵਾਸੀ ਨੂਰਪੁਰ ਬੇਦੀ ਦੀ ਦਿਲ ਦੀ ਧੜਕਣ ਕਾਫ਼ੀ ਅਸਧਾਰਨ ਪਾਈ ਗਈ | ਜਿਸ 'ਤੇ ਉੱਚ ਜਾਂਚ ਲਈ ਬੱਚੇ ਨੂੰ ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਭੇਜਿਆ ਗਿਆ | ਉਪਰੰਤ ਬੱਚੇ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਭੇਜਿਆ ਗਿਆ | ਡਾ. ਸੈਣੀ ਨੇ ਦੱਸਿਆ ਕਿ ਹੁਣ ਉਕਤ ਬੱਚਾ ਵਿਭਾਗ ਦੀ ਆਰ.ਬੀ.ਐੱਸ.ਕੇ. ਸਕੀਮ ਤਹਿਤ ਦਿਲ ਦਾ ਮੁਫ਼ਤ 'ਤੇ ਸਫਲ ਆਪ੍ਰੇਸ਼ਨ ਕਰਵਾ ਕੇ ਘਰ ਪਰਤ ਆਇਆ ਹੈ | ਜਿਸਦਾ ਅੱਜ ਮੁੜ ਮੁਆਇਨਾ ਕੀਤਾ ਗਿਆ | ਇਸ ਮੌਕੇ ਐੱਸ.ਐੱਮ.ਓ. ਡਾ. ਹਰਪ੍ਰੀਤ ਕੌਰ ਨੇ ਬੱਚੇ ਨਾਲ ਮੁਲਾਕਾਤ ਕੀਤੀ ਤੇ ਮਾਪਿਆਂ ਨੂੰ ਸਰਕਾਰੀ ਹਸਪਤਾਲ ਵਿਖੇ ਪਹੁੰਚ ਕੇ ਉਕਤ ਸਕੀਮ ਸਬੰਧੀ ਸਮੁੱਚੀ ਜਾਣਕਾਰੀ ਹਾਸਿਲ ਕਰਨ ਦੀ ਅਪੀਲ ਕੀਤੀ ਤਾਂ ਜੋ ਅਜਿਹੀ ਬਿਮਾਰੀ ਨਾਲ ਪੀੜਤ ਬੱਚਿਆਂ ਦਾ ਮੁਫ਼ਤ ਇਲਾਜ ਹੋ ਸਕੇ | ਇਸ ਮੌਕੇ ਬੱਚੇ ਦੀ ਮਾਤਾ ਸੋਨੀਆ, ਪਿਤਾ ਮੁਹੰਮਦ ਰਫੀਕ, ਸਕੂਲ ਇੰਚਾਰਜ ਸੀ.ਐੱਚ.ਟੀ. ਮੈਡਮ ਸੰਗੀਤਾ ਭੰਡਾਰੀ ਤੇ ਸਟਾਫ਼ ਨਰਸ ਦਲਵੀਰ ਕੌਰ ਹਾਜ਼ਰ ਸਨ |