ਐੱਸ. ਏ. ਐੱਸ. ਨਗਰ, 1 ਨਵੰਬਰ (ਕਪਿਲ ਵਧਵਾ)-ਮੁਹਾਲੀ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਆਨਲਾਈਨ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਦੋ ਮਾਮਲਿਆਂ ਅਹਿਮ ਕਾਰਵਾਈ ਕੀਤੀ ਹੈ | ਪਹਿਲੇ ਮਾਮਲੇ ਵਿਚ ਗੇਮਿੰਗ ਐਪ ਦੀ ਆੜ 'ਚ ਲੋਕਾਂ ਨਾਲ ਠੱਗੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਦਕਿ ਦੂਜੇ ਮਾਲੇ ਵਿਚ ਇਕ 80 ਸਾਲਾ ਮਹਿਲਾ ਨੂੰ 2 ਕਰੋੜ ਰੁ. ਦੀ ਡਿਜ਼ੀਟਲ ਠੱਗੀ ਤੋਂ ਬਚਾ ਲਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸਾਈਬਰ ਕ੍ਰਾਈਮ ਪੁਲਿਸ ਫੇਜ਼-7 ਮੁਹਾਲੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਖਰੜ ਦੇ ਸੰਨੀ ਇਨਕਲੇਵ ਵਿਖੇ ਕੁਝ ਵਿਅਕਤੀ ਗੇਮਿੰਗ ਐਪ ਦੀ ਆੜ 'ਚ ਲੋਕਾਂ ਨੂੰ ਠੱਗ ਰਹੇ ਹਨ | ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਛਾਪੇਮਾਰੀ ਕਰਕੇ ਤਿੰਨ ਵਿਅਕਤੀਆਂ ਅਕਸ਼ੈ ਕੁਮਾਰ ਵਾਸੀ ਸਿਰਸਾ (ਹਰਿਆਣਾ), ਸਿਤੇਸ਼ ਵਾਸੀ ਪਾਟਨ (ਗੁਜਰਾਤ) ਅਤੇ ਚੇਤਨ ਠਾਕੁਰ ਵਾਸੀ ਪਿੰਡ ਸਾਗੂੜੀਆ ਜ਼ਿਲ੍ਹਾ ਪਾਟਨ (ਗੁਜਰਾਤ) ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 20 ਮੋਬਾਈਲ ਫ਼ੋਨ, 3 ਲੈਪਟਾਪ, 41 ਵੱਖ-ਵੱਖ ਬੈਂਕਾਂ ਦੇ ਏ. ਟੀ. ਐਮ. ਕਾਰਡ ਅਤੇ 9 ਚੈੱਕ ਬੁੱਕਾਂ ਬਰਾਮਦ ਕੀਤੀਆਂ ਹਨ | ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਗਰੋਹ ਗੇਮਿੰਗ ਐਪ ਦੀ ਆੜ 'ਚ ਕਰੀਬ 3 ਕਰੋੜ ਰੁ. ਦੀ ਠੱਗੀ ਕਰ ਚੁੱਕਾ ਹੈ | ਪੁਲਿਸ ਮੁਲਜ਼ਮਾਂ ਦੇ ਹੋਰਨਾਂ ਖਾਤਿਆਂ ਅਤੇ ਲੈਣ-ਦੇਣ ਦੀ ਜਾਂਚ ਕਰ ਰਹੀ ਹੈ | ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਇਕ 80 ਸਾਲਾ ਮਹਿਲਾ ਨੂੰ ਸਾਈਬਰ ਅਪਰਾਧੀਆਂ ਵਲੋਂ ਤਿੰਨ ਦਿਨਾਂ ਤੱਕ ਵੀਡੀਓ ਕਾਲ ਰਾਹੀਂ ਡਰਾਇਆ ਜਾ ਰਿਹਾ ਸੀ ਅਤੇ ਉਸ ਨੂੰ ਆਪਣੇ ਬੈਂਕ ਖਾਤੇ 'ਚੋਂ 2 ਕਰੋੜ ਰੁ. ਟਰਾਂਸਫ਼ਰ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ | ਇਸ ਸੰਬੰਧੀ ਸੂਚਨਾ ਮਿਲਣ 'ਤੇ ਸਾਈਬਰ ਕ੍ਰਾਈਮ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਹਿਲਾ ਨੂੰ ਠੱਗੀ ਤੋਂ ਬਚਾਅ ਲਿਆ | ਪੁਲਿਸ ਨੇ ਇਸ ਮਾਮਲੇ ਵਿਚ ਨਾਮਜ਼ਦ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਸਾਈਬਰ ਕ੍ਰਾਈਮ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਕਾਲ, ਲਿੰਕ ਜਾਂ ਆਨਲਾਈਨ ਆਫ਼ਰ ਤੋਂ ਬਚ ਕੇ ਰਿਹਾ ਜਾਵੇ ਅਤੇ ਠੱਗੀ ਦੀ ਸੂਚਨਾ ਤੁਰੰਤ ਸਾਈਬਰ ਹੈਲਪਲਾਈਨ ਨੰ. 1930 'ਤੇ ਜਾਂ ਨਜ਼ਦੀਕੀ ਪੁਲਿਸ ਥਾਣੇ ਵਿਖੇ ਦਿੱਤੀ ਜਾਵੇ |