ਰੂਪਨਗਰ, 3 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਰੋਪੜ ਦੇ ਸਹਿਯੋਗ ਨਾਲ 'ਨੈਸ਼ਨਲ ਮਿਸ਼ਨ ਆਨ ਨੇਚਰਲ ਫਾਰਮਿੰਗ' ਤਹਿਤ ਕੁਦਰਤੀ ਖੇਤੀ ਸੰਬੰਧੀ ਇਕ ਰੋਜ਼ਾ ਸਿਖਲਾਈ ਕੈਂਪ ਆਯੋਜਿਤ ਕੀਤਾ | ਸਿਖਲਾਈ ਕੈਂਪ 'ਚ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ 45 ਕਿਸਾਨਾਂ ਤੇ ਕਿਸਾਨ ਬੀਬੀਆਂ ਨੇ ਭਾਗ ਲਿਆ | ਇਹ ਪ੍ਰੋਗਰਾਮ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਕੇ. ਵੀ. ਕੇ. ਰੋਪੜ ਡਾ. ਸਤਬੀਰ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ, ਜਿਨ੍ਹਾਂ ਨੇ ਸਿਖਿਆਰਥੀਆਂ ਦਾ ਸਵਾਗਤ ਕੀਤਾ ਅਤੇ 'ਨੈਸ਼ਨਲ ਮਿਸ਼ਨ ਆਨ ਨੇਚਰਲ ਫਾਰਮਿੰਗ' ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਇਸ ਮਿਸ਼ਨ ਦਾ ਉਦੇਸ਼ ਟਿਕਾਊ ਤੇ ਵਾਤਾਵਰਨ-ਅਨੁਕੂਲ ਖੇਤੀ ਪ੍ਰਣਾਲੀਆਂ ਨੂੰ ਪ੍ਰੋਤਸਾਹਿਤ ਕਰਨਾ ਹੈ, ਜੋ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ 'ਤੇ ਨਿਰਭਰਤਾ ਘਟਾਉਂਦੀਆਂ ਹਨ, ਮਿੱਟੀ ਦੀ ਸਿਹਤ ਨੂੰ ਬਣਾਈ ਰੱਖਦੀਆਂ ਹਨ ਤੇ ਖੁਰਾਕ ਦੀ ਸੁਰੱਖਿਆ ਯਕੀਨੀ ਬਣਾਉਂਦੀਆਂ ਹਨ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੁਦਰਤੀ ਖੇਤੀ ਅਪਣਾਉਣ, ਜਿਸ ਨਾਲ ਖੇਤੀ ਦੀ ਲਾਗਤ ਘਟੇਗੀ ਅਤੇ ਵਾਤਾਵਰਨ ਤੇ ਮਨੁੱਖੀ ਸਿਹਤ ਦੀ ਰੱਖਿਆ ਹੋਵੇਗੀ | ਸਹਾਇਕ ਪ੍ਰੋਫੈਸਰ (ਪੌਦਾ ਸੁਰੱਖਿਆ) ਡਾ. ਉਰਵੀ ਸ਼ਰਮਾ ਅਤੇ ਐਸੋਸੀਏਟ ਪ੍ਰੋਫੈਸਰ (ਬਾਗਬਾਨੀ) ਡਾ. ਸੰਜੀਵ ਆਹੁਜਾ ਨੇ ਕੁਦਰਤੀ ਖੇਤੀ ਦੇ ਸੰਕਲਪ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਵਿਚ ਬੀਜਾਮਿ੍ਤ, ਜੀਵਾਮਿ੍ਤ ਅਤੇ ਨੀਮਾਸ਼ਤਰ ਵਰਗੇ ਸਥਾਨਕ ਪੱਧਰ 'ਤੇ ਉਪਲਬਧ, ਘੱਟ ਲਾਗਤ ਵਾਲੇ ਜੈਵਿਕ ਘੋਲਾਂ ਦੇ ਉਪਯੋਗ 'ਤੇ ਜ਼ੋਰ ਦਿੱਤਾ, ਜੋ ਫ਼ਸਲਾਂ ਦੀ ਪੋਸ਼ਣ ਅਤੇ ਰੋਗਾਂ ਤੋਂ ਸੁਰੱਖਿਆ ਲਈ ਵਰਤੇ ਜਾਂਦੇ ਹਨ | ਕਿਸਾਨਾਂ ਵਿਚ ਘੱਟ ਲਾਗਤ ਖੇਤੀ ਪ੍ਰਣਾਲੀਆਂ ਦੇ ਅਪਣਾਏ ਜਾਣ ਨੂੰ ਉਤਸ਼ਾਹਿਤ ਕਰਨ ਲਈ ਜਾਣਕਾਰੀ ਪੂਰਣ ਸਾਹਿਤ ਵੀ ਵੰਡਿਆ |