ਰੂਪਨਗਰ, 3 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਇਲਾਕਾ ਸੰਘਰਸ਼ ਕਮੇਟੀ ਲੋਧੀਮਾਜਰਾ, ਘਨੌਲੀ ਵਲੋਂ ਗੁਰੂ ਗੋਬਿੰਦ ਸਿੰਘ ਮਾਰਗ ਲੋਧੀਮਾਜਰਾ, ਘਨੌਲੀ ਸੜਕ ਤੇ ਬਲਾਕ ਦੀਆਂ ਹੋਰ ਸੜਕਾਂ ਬਣਾਉਣ ਦੀ ਮੰਗ ਨੂੰ ਲੈ ਕੇ ਐਕਸੀਅਨ ਪੀ. ਡਬਲਿਊ. ਡੀ. ਦਫ਼ਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ | ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੋਧੀਮਾਜਰਾ ਤੇ ਮਹਾਂਸਚਿਵ ਗਿਆਨ ਸਿੰਘ ਘਨੌਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਸੜਕਾਂ ਨੂੰ ਪੱਕਾ ਮੁਕੰਮਲ ਕਰਨ ਦੀ ਬਜਾਏ ਬਲਾਕ ਦੇ ਕਈ ਪਿੰਡਾਂ 'ਚ ਪਹਿਲਾਂ ਚੱਲ ਰਹੇ ਕੰਮ ਨੂੰ ਬੰਦ ਕਰਕੇ ਅਤੇ ਹੋਰ ਪਿੰਡਾਂ 'ਚ ਮੋਟੀ ਬਜਰੀ ਪਾ ਕੇ ਸੜਕ ਬਣਾਉਣ ਦਾ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਪ੍ਰੇਸ਼ਾਨੀ ਵਿਚ ਪਾ ਰਹੀ ਹੈ | ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਦਸੰਬਰ ਮਹੀਨੇ 'ਚ ਨਗਰ ਕੀਰਤਨ ਕੱਢਿਆ ਜਾਂਦਾ ਹੈ, ਜਿਸ 'ਚ ਸੰਗਤ ਪੈਦਲ, ਸਕੂਟਰ, ਮੋਟਰਸਾਈਕਲ ਤੇ ਹੋਰ ਵਾਹਨਾਂ 'ਤੇ ਸ਼ਾਮਿਲ ਹੁੰਦੀ ਹੈ | ਉਨ੍ਹਾਂ ਮੰਗ ਕੀਤੀ ਕਿ ਨਗਰ ਕੀਰਤਨ ਤੋਂ ਪਹਿਲਾਂ ਪਿੰਡ ਲੋਧੀਮਾਜਰਾ ਦੀ ਸੜਕ ਬਣਾਈ ਜਾਵੇ ਤੇ ਸਰਹਿੰਦ ਨਹਿਰ ਦੇ ਪੁਲ ਦਾ ਰਸਤਾ ਖੋਲਿ੍ਹਆ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਮੰਗ ਨੂੰ ਪੂਰਾ ਨਾ ਕੀਤਾ ਗਿਆ ਤਾਂ ਕਮੇਟੀ ਵਲੋਂ 11 ਨਵੰਬਰ ਨੂੰ ਰੋਸ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਕਿਸਾਨ ਆਗੂ ਹਰਦੇਵ ਸਿੰਘ ਖੇੜੀ, ਪੈਨਸ਼ਨਰ ਆਗੂ ਅਵਤਾਰ ਸਿੰਘ, ਜਗਤਾਰ ਸਿੰਘ, ਇੰਦਰਜੀਤ ਸਿੰਘ, ਮਦਨ ਸਿੰਘ, ਸੋਮਾ ਸਿੰਘ, ਬਲਵਿੰਦਰ ਸਿੰਘ, ਮੋਹਨ ਸਿੰਘ ਆਦਿ ਹਾਜ਼ਰ ਸਨ |