ਰੂਪਨਗਰ, 3 ਨਵੰਬਰ (ਸਤਨਾਮ ਸਿੰਘ ਸੱਤੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੂਪਨਗਰ-ਫ਼ਤਹਿਗੜ੍ਹ ਸਾਹਿਬ ਜ਼ੋਨ ਅਧੀਨ ਦੁਆਬਾ ਡਿਗਰੀ ਕਾਲਜ ਘਟੌਰ ਵਿਖੇ ਕਰਵਾਏ ਖੇਤਰੀ ਯੁਵਕ ਤੇ ਲੋਕ ਮੇਲੇ 'ਚ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਸੈਕੰਡ ਰਨਰਅੱਪ ਟਰਾਫ਼ੀ ਹਾਸਿਲ ਕੀਤੀ ਹੈ | ਕਾਲਜ ਪਿ੍ੰਸੀਪਲ ਪ੍ਰੋ. ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ, ਸੱਭਿਆਚਾਰਕ ਕਮੇਟੀ ਤੇ ਸਾਰੇ ਸਹਿਯੋਗੀ ਅਧਿਆਪਕਾਂ ਨੂੰ ਵਧਾਈ ਦਿੱਤੀ | ਕੋਆਰਡੀਨੇਟਰ ਡਾ. ਨਿਰਮਲ ਸਿੰਘ ਬਰਾੜ ਨੇ ਦੱਸਿਆ ਕਿ ਕਾਲਜ ਨੇ 57 ਆਈਟਮਾਂ 'ਚ ਭਾਗ ਲਿਆ ਤੇ ਕਈ ਸ਼੍ਰੇਣੀਆਂ ਵਿਚ ਪ੍ਰਥਮ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਨੇ ਝੰੁਮਰ, ਜਨਰਲ ਕੁਇਜ਼, ਇੰਸਟਾਲੇਸ਼ਨ, ਭੰਡ, ਰੱਸਾ ਵਟਣਾ, ਨਾਲਾ ਬੁਣਨਾ, ਕਾਵਿ ਉਚਾਰਨ ਤੇ ਰਵਾਇਤੀ ਪਹਿਰਾਵਾ ਪ੍ਰਦਰਸ਼ਨੀ ਵਿਚ ਪਹਿਲਾ ਸਥਾਨ ਜਿੱਤਿਆ | ਗਿੱਧਾ, ਲੁੱਡੀ, ਸਕਿੱਟ, ਨੁੱਕੜ ਨਾਟਕ, ਸੱਭਿਆਚਾਰ ਕੁਇਜ਼, ਭਾਸ਼ਨ, ਮਿੱਟੀ ਦੇ ਖਿਡੌਣੇ, ਛਿੱਕੂ ਤੇ ਪੱਖੀ ਬਣਾਉਣਾ, ਕਾਰਟੂਨਿੰਗ, ਕੋਲਾਜ ਮੇਕਿੰਗ, ਰੰਗੋਲੀ, ਪੱਛਮੀ ਸਾਜ਼ ਤੇ ਗਾਇਨ (ਏਕਲ) ਵਿਚ ਦੂਜਾ ਸਥਾਨ ਅਤੇ ਭੰਗੜਾ, ਸਮੂਹ ਸ਼ਬਦ, ਸਮੂਹ ਗਾਇਨ ਭਾਰਤੀ, ਪੱਛਮੀ ਸਮੂਹ ਗਾਇਨ, ਕਲੇਅ ਮਾਡਲਿੰਗ, ਪੋਸਟਰ ਮੇਕਿੰਗ, ਫੋਕ ਆਰਕੈਸਟਰਾ, ਕਲੀ ਗਾਇਨ ਅਤੇ ਕਵੀਸ਼ਰੀ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਯੁਵਕ ਮੇਲੇ 'ਚ ਜਿੱਤ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਪਿ੍ੰਸੀਪਲ ਤੇ ਸਟਾਫ਼ ਨਾਲ ਯਾਦਗਾਰੀ ਤਸਵੀਰਾਂ ਖਿਚਵਾ ਕੇ ਖ਼ੁਸ਼ੀ ਜਤਾਈ | ਇਸ ਮੌਕੇ ਵਾਈਸ ਪਿ੍ੰਸੀਪਲ ਪ੍ਰੋ. ਹਰਜੀਤ ਸਿੰਘ, ਕਲਚਰਲ ਕੋ-ਕੋਆਰਡੀਨੇਟਰ ਪ੍ਰੋ. ਅਰਵਿੰਦਰ ਕੌਰ, ਡਾ. ਜਤਿੰਦਰ ਕੁਮਾਰ, ਡਾ. ਦਲਵਿੰਦਰ ਸਿੰਘ, ਡਾ. ਸ਼ਮਿੰਦਰ ਕੌਰ, ਪ੍ਰੋ. ਸੰਗੀਤਾ ਮਦਾਨ, ਡਾ. ਧਰਮਿੰਦਰ ਸਿੰਘ, ਪ੍ਰੋ. ਰਵਨੀਤ ਕੌਰ, ਡਾ. ਅਨੂ ਸ਼ਰਮਾ, ਡਾ. ਸ਼ਿਖਾ, ਪ੍ਰੋ. ਉਪਦੇਸ਼ਦੀਪ ਕੌਰ ਸਮੇਤ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |