ਸ੍ਰੀ ਅਨੰਦਪੁਰ ਸਾਹਿਬ, 22 ਨਵੰਬਰ (ਕਰਨੈਲ ਸਿੰਘ)-ਗੁਰੂ ਤੇਗ ਬਹਾਦਰ ਸਾਹਿਬ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਸ਼ਰਧਾਲੂਆਂ ਲਈ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ 'ਚ ਵਿਆਪਕ ਪ੍ਰਬੰਧ ਕੀਤੇ ਹਨ | ਇਹ ਜਾਣਕਾਰੀ ਮੀਡੀਆ ਸੈਂਟਰ ਵਿਖੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸੁਵਿਧਾ ਤੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਹਰ ਪੱਧਰ 'ਤੇ ਵਿਸਥਾਰਪੂਰਵਕ ਕਦਮ ਚੁੱਕੇ ਗਏ ਹਨ | ਸ. ਕੰਗ ਨੇ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਸ੍ਰੀ ਅਨੰਦਪੁਰ ਸਾਹਿਬ ਲਈ, ਸਗੋਂ ਪੂਰੇ ਪੰਜਾਬ ਤੇ ਸਿੱਖ ਕੌਮ ਲਈ ਬੇਮਿਸਾਲ ਧਾਰਮਿਕ ਮਹੱਤਤਾ ਰੱਖਦਾ ਹੈ | ਇਸੇ ਮਹੱਤਤਾ ਨੂੰ ਧਿਆਨ 'ਚ ਰੱਖਦੇ ਹੋਏ ਆਵਾਜਾਈ, ਸੁਰੱਖਿਆ, ਰਹਿਣ-ਸਹਿਣ, ਪਾਰਕਿੰਗ, ਮੈਡੀਕਲ ਸਹੂਲਤਾਂ ਲਈ ਕੀਤੇ ਪ੍ਰਬੰਧਾਂ 'ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ | ਹਰ ਇਕ ਪਾਰਕਿੰਗ ਸਾਈਟ ਨੂੰ ਸਮਰੱਥਾ ਅਨੁਸਾਰ ਤਿਆਰ ਕੀਤਾ ਗਿਆ ਹੈ ਤਾਂ ਜੋ ਵਾਹਨਾਂ ਦੀ ਵੱਡੀ ਗਿਣਤੀ ਨੂੰ ਆਸਾਨੀ ਨਾਲ ਸੰਭਾਲਿਆ ਜਾ ਸਕੇ | ਸੰਗਤਾਂ ਦੇ ਠਹਿਰਨ ਲਈ ਸਮਾਗਮ ਸਥਾਨਾਂ ਦੇ ਨੇੜੇ ਟੈਂਟ ਸੀਟੀਆਂ ਤੇ ਆਰਾਮ ਸਥਾਨ ਬਣਾਏ ਗਏ ਹਨ | ਸਾਫ਼ ਪੀਣ ਵਾਲੇ ਪਾਣੀ, ਲੰਗਰ ਵਿਵਸਥਾ ਤੇ ਸਿਹਤ ਸਹੂਲਤਾਂ ਲਈ ਵਾਧੂ ਡਿਊਟੀਆਂ ਲਗਾਈਆਂ ਗਈਆਂ ਹਨ | ਮੈਡੀਕਲ ਟੀਮਾਂ, ਐਂਬੂਲੈਂਸਾਂ ਤੇ ਐਮਰਜੈਂਸੀ ਯੂਨਿਟਾਂ ਨੂੰ ਵੀ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤਾ ਗਿਆ ਹੈ |