ਭਰਤਗੜ੍ਹ, 5 ਦਸੰਬਰ (ਜਸਬੀਰ ਸਿੰਘ ਬਾਵਾ)-ਅੱਜ ਸ਼ਾਮੀਂ ਆਲੋਵਾਲ 'ਚ ਕਰੀਬ ਸਾਢੇ ਤਿੰਨ ਵਜੇ ਸੁਪਰ ਸਟੋਨ ਕਰੈਸ਼ਰ ਤੇ ਗਿਲਕੋ ਸਟੋਨ ਕਰੈਸ਼ਰ ਦੇ ਸਾਹਮਣੇ ਕੌਮੀ ਮਾਰਗ 'ਤੇ 22 ਟਾਇਰੀ ਭਾਰੀ ਵਾਹਨ ਦੀ ਲਪੇਟ 'ਚ ਮੋਟਰਸਾਈਕਲ ਆਉਣ ਨਾਲ ਵਾਪਰੇ ਦਰਦਨਾਕ ਹਾਦਸੇ ਦੌਰਾਨ ਇਕ ਵਿਦਿਆਰਥੀ ਦੀ ਮੌਤ, ਜਦ ਕਿ ਇਸਦੇ ਪਿੱਛੇ ਸਵਾਰ ਇਕ ਵਿਦਿਆਰਥੀ ਜ਼ਖ਼ਮੀ ਹੋਣ ਦੀ ਖ਼ਬਰ ਹੈ | ਕਿਸੇ ਰਾਹਗੀਰ ਵਲੋਂ ਉਕਤ ਹਾਦਸੇ ਦੀ ਇਤਲਾਹ 112 'ਤੇ ਦੇਣ ਮਗਰੋਂ ਸੜਕ ਸੁਰੱਖਿਆ ਮੁਲਾਜ਼ਮਾਂ ਤੇ ਪੁਲਿਸ ਚੌਕੀ ਭਰਤਗੜ੍ਹ ਦੇ ਮੁਲਾਜ਼ਮਾਂ ਨੇ ਮੁਹਤਬਰਾਂ ਦੀ ਸਹਾਇਤਾ ਨਾਲ ਐਂਬੂਲੈਂਸ ਰਾਹੀਂ ਦੋਵਾਂ ਨੂੰ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ, ਤਾਇਨਾਤ ਡਾਕਟਰ ਨੇ ਇਕ ਵਿਦਿਆਰਥੀ ਨੂੰ ਮਿ੍ਤਕ ਐਲਾਨ ਦਿੱਤਾ, ਜ਼ਖ਼ਮੀ ਵਿਦਿਆਰਥੀ ਦਾ ਡਾਕਟਰ ਦੀ ਅਗਵਾਈ 'ਚ ਸੰਬੰਧਿਤ ਟੀਮ ਨੇ ਇਲਾਜ ਸ਼ੁਰੂ ਕਰ ਦਿੱਤਾ ਹੈ | ਸ੍ਰੀ ਗੁਰੂ ਤੇਗ ਬਹਾਦਰ ਜੀ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ ਨਾਲ ਰਾਬਤਾ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਹ ਇਥੇ ਵਿੱਦਿਅਕ ਤਾਲੀਮ ਪ੍ਰਾਪਤ ਕਰ ਰਹੇ ਸਨ, ਇਥੋਂ ਅੱਜ ਆਪਣੇ ਕਾਲਜ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ | ਜ਼ਖ਼ਮੀ ਵਿਦਿਆਰਥੀ ਨੇ ਦੱਸਿਆ ਕਿ ਆਲੋਵਾਲ 'ਚ ਕੌਮੀ ਮਾਰਗ ਦੀ ਮੁਰੰਮਤ ਚੱਲਣ ਕਰਕੇ ਅਰਾਮ ਨਾਲ ਮੋਟਰਸਾਈਕਲ 'ਤੇ ਜਾ ਰਹੇ ਸੀ, ਪਿੱਛੋਂ ਤੇਜ਼ ਰਫ਼ਤਾਰ ਭਾਰੀ ਵਾਹਨ ਦੀ ਲਪੇਟ 'ਚ ਆਉਣ ਅਤੇ ਪਲਟਣ ਦੇ ਨਤੀਜੇ ਵਜੋਂ ਉਕਤ ਹਾਦਸਾ ਵਾਪਰਿਆ ਹੈ | ਪੁਲਿਸ ਚੌਕੀ ਭਰਤਗੜ੍ਹ ਦੇ ਇੰਚਾਰਜ ਸੁਖਵਿੰਦਰ ਸਿੰਘ ਤੇ ਜਾਂਚ ਅਧਿਕਾਰੀ ਸੁਰਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਮਿ੍ਤਕ ਦੀ ਸ਼ਨਾਖਤ ਕਰਨ ਪੁੱਤਰ ਬਲਵਿੰਦਰ ਸਿੰਘ, ਵਾਸੀ ਪਟਿਆਲਾ ਵਜੋਂ ਹੋਈ ਹੈ, ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਦੇ ਮੁਰਦਾਘਰ 'ਚ ਰਖਵਾਇਆ ਹੈ, ਜ਼ਖ਼ਮੀ ਦੀ ਸ਼ਨਾਖਤ ਮੋਹਿਤ ਕੁਮਾਰ ਪੁੱਤਰ ਰਾਮ ਕੁਮਾਰ, ਵਾਸੀ: ਸੰਗਰੂਰ ਵਜੋਂ ਹੋਈ ਹੈ, ਜੋ ਜ਼ੇਰੇ ਇਲਾਜ ਹੈ | ਇਨ੍ਹਾਂ ਦੱਸਿਆ ਕਿ ਉਕਤ ਹਾਦਸੇ ਸੰਬੰਧੀ ਦੋਵੇਂ ਦੇ ਵਾਰਸਾਂ ਨੂੰ ਇਤਲਾਹ ਦੇ ਦਿੱਤੀ ਹੈ, ਮਿ੍ਤਕ ਦੇ ਵਾਰਸਾਂ ਤੇ ਜ਼ਖ਼ਮੀ ਦੇ ਬਿਆਨਾਂ ਦੇ ਆਧਾਰ 'ਤੇ ਸੰਬੰਧਿਤ ਵਾਹਨ ਚਾਲਕ ਖ਼ਿਲਾਫ਼ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਅਤੇ ਸਿਵਲ ਹਸਪਤਾਲ ਰੂਪਨਗਰ 'ਚ 6 ਦਸੰਬਰ ਨੂੰ ਲੋੜੀਂਦੀ ਕਾਰਵਾਈ ਮੁਕੰਮਲ ਹੋਣ ਮਗਰੋਂ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਸਾਂ ਦੇ ਸਪੁਰਦ ਕਰ ਦਿੱਤੀ ਜਾਵੇਗੀ |