04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਲੀਜ਼ ਬੁਲਡੋਜ਼ਰ ਨੇ ਨੰਗਲ ਦੇ ਇਕ ਹਜ਼ਾਰ ਪਰਿਵਾਰਾਂ ਦੀ ਨੀਂਦ ਉਡਾਈ <br/>

Ad Position 21
No active advertisement
ਅਜੀਤ ਡੈਸਕ 08-12-2025
ਨੰਗਲ, 7 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਲੀਜ਼ ਦੀ ਨਾਸੂਰ ਬਣੀ ਸਮੱਸਿਆ ਦਾ ਕੋਈ ਯੋਗ ਹੱਲ ਨਾ ਹੋਣ ਕਾਰਨ ਨੰਗਲ ਦਾ ਇਕ ਹਜ਼ਾਰ ਪਰਿਵਾਰ ਅੰਤਾਂ ਦਾ ਮਾਨਸਿਕ ਸੰਤਾਪ ਹੰਢਾਅ ਰਿਹਾ ਹੈ | ਨੰਗਲ ਦੇ 90 ਫੀਸਦੀ ਰਕਬੇ ਦਾ ਸਿੱਧਾ ਕੰਟਰੋਲ ਬੀ. ਬੀ.ਐਮ. ਬੀ. ਅਧੀਨ ਹੈ ਅਤੇ ਬੋਰਡ ਦਾ ਕੰਮ ਕੇਂਦਰ ਊਰਜਾ ਮੰਤਰਾਲਿਆਂ ਦੇ ਹੁਕਮ ਅਨੁਸਾਰ ਚੱਲਦਾ ਹੈ, ਭਾਵੇਂ ਬੋਰਡ 'ਚ ਪੰਜਾਬ ਦਾ 39 ਫੀਸਦੀ ਹਿੱਸਾ ਵੀ ਹੈ | ਭਾਖੜਾ ਡੈਮ ਦੇ ਨਿਰਮਾਣ ਸਮੇਂ (1948-1963) ਸੰਘਣਾ ਜੰਗਲ ਕੱਟ ਕੇ ਨੰਗਲ ਸ਼ਹਿਰ ਵਸਾਇਆ | ਲੋਕਾਂ ਨੂੰ ਘਰੋਂ ਸੱਦ ਸੱਦ ਕੇ ਸਰਕਾਰੀ ਨੌਕਰੀ ਦਿੱਤੀ ਗਈ, ਵਪਾਰੀਆਂ ਨੂੰ ਨਾ ਮਾਤਰ ਲੀਜ਼ 'ਤੇ ਦੁਕਾਨਾਂ, ਪਲਾਟ, ਮਕਾਨ ਅਲਾਟ ਕੀਤੇ ਗਏ | ਮੇਨ ਮਾਰਕੀਟ, ਮਹਾਂਵੀਰ ਮਾਰਕੀਟ, ਪਹਾੜੀ ਮਾਰਕੀਟ, ਗੋਲ ਮਾਰਕੀਟ, ਅੱਡਾ ਮਾਰਕੀਟ, ਕਿਲਨ ਏਰੀਆ, ਪੀ. ਆਰ. ਓ. ਚੌਕ, ਪੀ. ਐਨ. ਬੀ. ਨਜ਼ਦੀਕ ਇਕ ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਘਰ, ਜ਼ਮੀਨ, ਦੁਕਾਨਾਂ ਆਦਿ ਅਲਾਟ ਕੀਤੀਆਂ ਹਨ | ਲੀਜ਼ ਸਮਝੌਤੇ ਦਾ ਅਸਲ ਆਧਾਰ ਇਹ ਹੈ ਕਿ ਲੀਜ਼ ਧਾਰਕ, ਅਸਲੀ ਮਾਲਕ (ਭਾਖੜਾ ਬਿਆਸ ਪ੍ਰਬੰਧ ਬੋਰਡ) ਦੀ ਪ੍ਰਵਾਨਗੀ ਬਗੈਰ ਮੂਲ ਢਾਂਚੇ ਨਾਲ ਛੇੜਛਾੜ, ਵਾਧਾ, ਹੋਰ ਕਬਜ਼ਾ, ਅੱਗੇ ਰੈਂਟ 'ਤੇ ਦੇਣਾ, ਨਵੀਂ ਮੰਜ਼ਿਲ ਤਾਮੀਰ ਨਹੀਂ ਕਰ ਸਕਦਾ | ਪਿਛਲੇ ਚਾਰ ਦਹਾਕਿਆਂ 'ਚ ਵੱਡੀ ਗਿਣਤੀ 'ਚ ਲੀਜ਼ ਧਾਰਕਾਂ ਨੇ ਨਾ ਸਿਰਫ਼ ਮੂਲ ਢਾਂਚੇ 'ਚ ਬਦਲਾਅ ਕੀਤੇ ਸਗੋਂ ਦੁਕਾਨਾਂ ਅੱਗੇ ਤੋਂ ਅੱਗੇ ਵੇਚ ਦਿੱਤੀਆਂ | ਦੁਕਾਨਾਂ ਦੇ ਕਈ ਹਿੱਸੇ ਬਣਾ ਕੇ ਰੈਂਟ 'ਤੇ ਦੇ ਦਿੱਤੇ ਅਤੇ ਲੋਕਾਂ ਦੀ ਸਹੂਲਤ ਲਈ ਦੁਕਾਨਾਂ ਅੱਗੇ ਉਸਾਰੇ ਵਰਾਂਡੇ ਦੁਕਾਨਾਂ 'ਚ ਸ਼ਾਮਿਲ ਕਰ ਲਏ | ਇਸ ਸਮੇਂ ਛੋਟੀਆਂ ਦੁਕਾਨਾਂ ਦੀ ਬਾਜ਼ਾਰੀ ਕੀਮਤ 35,40,45 ਲੱਖ ਹੈ ਜਦਕਿ ਵੱਡੀ ਦੁਕਾਨ ਇੱਕ ਤੋਂ ਡੇਢ ਕਰੋੜ ਰੁਪਏ ਹੈ | ਬੀ. ਬੀ. ਐਮ. ਬੀ. ਨੇ ਵੱਡੀ ਗਿਣਤੀ 'ਚ ਲੀਜ਼ ਸਮਝੌਤੇ ਕੈਂਸਲ ਕਰਕੇ ਅਦਾਲਤਾਂ 'ਚ ਕੇਸ ਪਾ ਦਿੱਤੇ ਹਨ | ਵੱਖ-ਵੱਖ ਅਦਾਲਤਾਂ 'ਚ ਚੱਲਦੇ ਮਾਮਲਿਆਂ ਬਾਰੇ ਅੰਤਿਮ ਫ਼ੈਸਲਾ ਤਾਂ ਅਦਾਲਤਾਂ ਨੇ ਹੀ ਕਰਨਾ ਹੈ ਪਰ ਦੋ ਵੱਡੇ ਤੇ ਅਹਿਮ ਅਦਾਲਤੀ ਫ਼ੈਸਲਿਆਂ ਮਗਰੋਂ ਲੋਕ ਡਰੇ ਹੋਏ ਹਨ | ਅਦਾਲਤ ਦੇ ਫ਼ੈਸਲੇ ਮਗਰੋਂ ਨਾ ਸਿਰਫ਼ ਨੰਗਲ ਦਾ ਇਕੋ ਇਕ 'ਸ਼ਿਵਾਲਿਕ ਸਿਨੇਮਾ' ਤੋੜਿਆ ਗਿਆ ਹੈ ਸਗੋਂ ਕਾਂਗਰਸੀ ਆਗੂ ਰਾਣਾ ਰਣਬਹਾਦਰ ਦੀ ਚੱਕੀ 'ਤੇ ਵੀ ਬੁਲਡੋਜ਼ਰ ਚੱਲ ਚੁੱਕਾ ਹੈ | ਮਿਤੀ 8.01.2008 ਨੂੰ ਨੰਗਲ ਦੇ ਵਪਾਰੀਆਂ ਨੇ ਮਰਤੰਜੇ ਪ੍ਰਸ਼ਾਦ, ਡਾ. ਸੰਜੀਵ ਗੌਤਮ, ਐਡਵੋਕੇਟ ਅਨੁਜ ਠਾਕੁਰ, ਰਾਜੇਸ਼ ਚੌਧਰੀ ਦੀ ਅਗਵਾਈ 'ਚ ਨੰਗਲ ਬੰਦ ਵੀ ਕੀਤਾ ਸੀ | ਭਾਜਪਾ ਸੰਸਦ ਮੈਂਬਰ ਅਵਿਨਾਸ਼ ਖੰਨਾ ਨੇ ਵਪਾਰੀਆਂ ਦੀ ਮੀਟਿੰਗ ਸਾਬਕਾ ਮੁੱਖ ਸਕੱਤਰ ਪੰਜਾਬ ਐਸ. ਸੀ. ਅਗਰਵਾਲ ਨਾਲ ਵੀ ਕਰਵਾਈ ਸੀ | ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਡਾ. ਦਲਜੀਤ ਸਿੰਘ ਚੀਮਾ, ਰਾਣਾ ਕੇ. ਪੀ. ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਮੁਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ ਆਦਿ ਆਗੂਆਂ ਨੇ ਯਤਨ ਤਾਂ ਕੀਤੇ ਪਰ ਹੱਲ ਨਹੀਂ ਹੋਇਆ | ਮਈ 2025 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਨੰਗਲ ਡੈਮ ਵਿਖੇ ਹੋਏ 'ਪਾਣੀਆਂ ਦੇ ਰਾਖੇ ਅੰਦੋਲਨ' ਦੇ ਅਸਲ ਸੂਤਰਧਾਰ ਅਤੇ ਫਾਇਰ, ਬ੍ਰਾਂਡ ਆਗੂ ਡਾ. ਸੰਜੀਵ ਗੌਤਮ (ਚੇਅਰਮੈਨ ਸ੍ਰੀ ਗੁਰੂ ਰਵੀਦਾਸ ਯੂਨੀਵਰਸਿਟੀ ਹੁਸ਼ਿਆਰਪੁਰ) ਨੇ ਸਪਸ਼ਟ 'ਤੇ ਸਿੱਧੀ ਟਿੱਪਣੀ ਕੀਤੀ ਹੈ 'ਸਰਕਾਰੀ ਬੁਲਡੋਜ਼ਰ ਭਵਿੱਖ 'ਚ ਨਹੀਂ ਚੱਲੇਗਾ, ਜੇ ਚੱਲੇਗਾ ਤਾਂ ਪਹਿਲਾਂ ਲਾਲ ਪੱਗ ਵਾਲੇ ਸਰਦਾਰ ਦੀ ਲਾਸ਼ ਤੋਂ ਲੰਘੇਗਾ | ਬੀ. ਬੀ. ਐਮ. ਬੀ. ਦੇ ਸਾਬਕਾ ਚੇਅਰਮੈਨ ਡੀ. ਕੇ. ਸ਼ਰਮਾ ਨੇ ਇਸ ਪੱਤਰਕਾਰ ਵਲੋਂ ਸਤਲੁਜ ਸਦਨ ਵਿਖੇ ਪੁੱਛੇ ਪ੍ਰਸ਼ਨ ਦਾ ਉੱਤਰ ਬੜਾ ਹੀ ਸਾਫ਼ ਅਤੇ ਸਪੱਸ਼ਟ ਦਿੱਤਾ ਸੀ 'ਅਸੀਂ ਅਸਲੀ ਮਾਲਕ ਹਾਂ, ਕੀ ਤੁਸੀਂ ਆਪਣੇ ਘਰ 'ਚ ਕਿਸੇ ਨੂੰ ਧੱਕੇ ਨਾਲ ਵੜਨ ਦਿਓਗੇ” | ਇਸੇ ਦੌਰਾਨ ਬੀ. ਬੀ. ਐਮ. ਬੀ. ਦੇ ਸੂਤਰਾਂ ਨੇ ਦੱਸਿਆ ਕਿ ਅਸੀਂ ਲੀਜ਼ ਸਿਸਟਮ ਨਵੇਂ ਰੂਪ 'ਚ ਲਿਆ ਰਹੇ ਹਾਂ ਅਤੇ ਚਾਹਾਂਗੇ ਕਿ ਲੋਕ ਟੇਬਲ 'ਤੇ ਬੈਠ ਕੇ ਗੱਲ ਕਰਨ | ਆਰ. ਟੀ. ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਨੇ ਕਿਹਾ ਕਿ ਕਾਨੂੰਨੀ ਪੱਖੋਂ ਬੀ. ਬੀ. ਐਮ. ਬੀ. ਦਾ ਪੱਲੜਾ ਭਾਰੀ ਹੈ ਪਰ ਮੌਜੂਦਾ ਅਫ਼ਸਰ ਸ਼ਹਿਰ ਨੂੰ ਵਸਾਉਣਾ ਚਾਹੁੰਦੇ ਹਨ | ਸੱਚਦੇਵਾ ਨੇ ਦੱਸਿਆ ਕਿ ਰਵਿੰਦਰ ਗੋਲਡੀ, ਨਰਿੰਦਰ ਕਾਲਰਾ, ਰਾਕੇਸ਼ ਸ਼ਰਮਾ ਵਰਗੇ ਸੂਝਵਾਨ ਵਪਾਰੀ ਨਵੇਂ ਰੇਟਾਂ ਨਾਲ ਨਵੇਂ ਸਿਰਿਓਾ ਲੀਜ਼ ਸਮਝੌਤਾ ਕਰਨ ਲਈ ਤਿਆਰ ਹਨ , ਬਸ਼ਰਤੇ ਨਵੇਂ ਰੇਟ ਦਿੱਲੀ, ਗੁੜਗਾਉਂ ਵਾਲੇ ਨਾ ਹੋਣ | ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਜੌਤ ਸਿੰਘ ਬੈਂਸ ਨੇ ਕਿਹਾ ਹੈ ਕਿ ਨੰਗਲ ਸ਼ਹਿਰ ਉੱਜੜਨ ਨਹੀਂ ਦਿੱਤਾ ਜਾਵੇਗਾ | ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਹੀ ਜਪਾਨ ਦੌਰੇ ਤੋਂ ਪਰਤੇ ਇਸ ਨਾਸੂਰ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ | ਸਾਰੀਆਂ ਫ਼ਰਦਾਂ ਪੰਜਾਬ ਸਰਕਾਰ ਦੇ ਨਾਂਅ 'ਤੇ ਹਨ, ਬੀ. ਬੀ. ਐਮ. ਬੀ. ਦਾ ਦਾਅਵਾ ਤਰਕਸੰਗਤ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਐਸ. ਆਈ. ਆਰ. ਪ੍ਰਕਿਰਿਆ ਪੂਰੀ ਕਰਨ 'ਚ ਲੱਗੇ ਬੂਥ ਲੈਵਲ ਅਫ਼ਸਰਾਂ ਨੂੰ ਚੋਣ ਡਿਊਟੀ ਤੋਂ ਛੋਟ ਦੀ ਮੰਗ ਅਗਲੀ ਖ਼ਬਰ ਰੂਪਨਗਰ ਪੁਲਿਸ ਵਲੋਂ ਨਸ਼ੇ ਦੇ ਖ਼ਿਲਾਫ਼ ਵੱਡੀ ਕਾਰਵਾਈ ਐਨ. ਡੀ. ਪੀ. ਐਸ. ਐਕਟ ਤਹਿਤ 3 ਗਿ੍ਫਤਾਰ <br/>
Ad Position 24