ਨੂਰਪੁਰ ਬੇਦੀ, 7 ਦਸੰਬਰ (ਢੀਡਸਾ)-ਈ. ਟੀ. ਟੀ. ਅਧਿਆਪਕ ਯੂਨੀਅਨ ਜ਼ਿਲ੍ਹਾ ਰੂਪਨਗਰ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕੇਂਦਰੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਸ. ਆਈ. ਆਰ. ਪ੍ਰਕਿਰਿਆ ਪੂਰੀ ਕਰਨ 'ਚ ਲੱਗੇ ਸਮੂਹ ਬੀ. ਐਲ. ਓ. ਨੂੰ 14 ਦਸੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਡਿਊਟੀ ਤੋਂ ਛੋਟ ਦਿੱਤੀ ਜਾਵੇ ਅਤੇ ਇਨ੍ਹਾਂ ਚੋਣਾਂ 'ਚ ਅਧਿਆਪਕਾਂ ਦੀਆਂ ਡਿਊਟੀਆਂ ਦੂਰ ਦੁਰਾਡੇ ਲਗਾਉਣ ਦੀ ਵੀ ਯੂਨੀਅਨ ਆਗੂਆਂ ਨੇ ਨਿਖੇਧੀ ਕੀਤੀ ਹੈ | ਜਾਰੀ ਇਕ ਬਿਆਨ ਰਾਹੀਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਬੈਂਸ ਤੇ ਸੂਬਾਈ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਤੋਂ ਮੰਗ ਕੀਤੀ ਹੈ ਕਿ ਜ਼ਿਲੇ੍ਹ ਦੇ ਸਾਰੇ ਬੀ. ਐਲ. ਓ. ਨੂੰ ਇਨ੍ਹਾਂ ਚੋਣਾਂ 'ਚ ਡਿਊਟੀ ਤੋਂ ਛੋਟ ਦਿੱਤੀ ਜਾਵੇ ਕਿਉਂਕਿ ਇਹ ਸਾਰੇ ਬੀ. ਐਲ. ਓ. ਬੀਤੇ ਦੋ ਮਹੀਨਿਆਂ ਤੋਂ ਕੇਂਦਰੀ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਚੱਲ ਰਹੀ ਐਸ. ਆਈ. ਆਰ. ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ 'ਚ ਦਿਨ ਰਾਤ ਲੱਗੇ ਹੋਏ ਨੇ ਅਤੇ ਦੂਰ ਦੁਰਾਡੇ ਬਲਾਕਾਂ ਵਿਚ ਲਗਾਈਆਂ ਗਈਆਂ ਅਧਿਆਪਕਾਂ ਦੀਆਂ ਡਿਊਟੀਆਂ ਨੂੰ ਸੰਬੰਧਿਤ ਬਲਾਕਾਂ ਵਿਚ ਲਗਾਉਣ ਦੀ ਮੰਗ ਵੀ ਕੀਤੀ ਹੈ | ਇਨ੍ਹਾਂ ਆਗੂਆਂ ਨੇ ਕਿਹਾ ਹੈ ਕਿ ਚੋਣ ਅਮਲਾ ਕਿਸੇ ਵੀ ਤਰ੍ਹਾਂ ਚੋਣਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਇਸ ਲਈ ਅਧਿਆਪਕਾਂ ਦੀਆਂ ਦੂਰ ਦੁਰਾਡੇ ਡਿਊਟੀਆਂ ਲਗਾਉਣੀਆਂ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹਨ | ਪੋਲਿੰਗ ਬੂਥਾਂ ਤੇ ਪੋਲਿੰਗ ਪਾਰਟੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਬੀ. ਐਲ. ਓ. ਨੂੰ ਇਸ ਡਿਊਟੀ ਤੋਂ ਛੋਟ ਦੇਣੀ ਬਣਦੀ ਹੈ | ਜਾਰੀ ਬਿਆਨ ਕਰਨ ਵਾਲਿਆਂ 'ਚ ਅਮਰਜੀਤ ਸੈਣੀ, ਸੁਰਿੰਦਰ ਭਟਨਾਗਰ, ਦਲੀਪ ਭੂਰੜੇ, ਗੁਰਪ੍ਰੀਤ ਕੈਂਬੋ, ਭੁਪਿੰਦਰ ਰਾਣਾ, ਬਿਕਰਮ ਸ਼ਰਮਾ,ਗੁਰਦਰਸਨ ਸਿੰਘ, ਬਲਵਿੰਦਰ ਕੁਮਾਰ ਭੈਣੀ, ਰਾਜੀਵ ਕੁਮਾਰ ਲੂੰਬਾ, ਅਜਮੇਰ ਸਿੰਘ ਖੇੜੀ, ਪੰਡਿਤ ਨੀਰਜ ਕੁਮਾਰ,ਇੰਦਰਜੀਤ ਬਜਰੂੜ, ਹਰਪਿੰਦਰ ਬੈਂਸ, ਸੰਜੀਵ ਕੁਮਾਰ ਹੀਰਪੁਰ, ਮਨਜੀਤ ਰਾਣਾ, ਸੁਸ਼ੀਲ ਕੁਮਾਰ ਲਮਲੈੜੀ, ਸੁਰਜੀਤ ਰਾਣਾ,ਮਨਜੀਤ ਸੂਦ, ਸੋਹਣ ਸਿੰਘ ਚਨੋਲੀ ਆਦਿ ਅਧਿਆਪਕਾਂ ਦੇ ਨਾਂਅ ਸ਼ਾਮਿਲ ਹਨ |