ਸ੍ਰੀ ਅਨੰਦਪੁਰ ਸਾਹਿਬ, 17 ਦਸੰਬਰ (ਕਰਨੈਲ ਸਿੰਘ)-ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਬਰੋਟੂ (ਥੱਪਲ) ਵਿਖੇ ਸਥਿਤ ਸਰਸਵਤੀ ਮਾਡਲ ਹਾਈ ਸਕੂਲ ਵਲੋਂ ਕਰਵਾਇਆ ਸਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ | ਇਸ ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਰੰਗਾ-ਰੰਗ ਸਭਿਆਚਾਰ ਪੋ੍ਰਗਰਾਮ ਨੇ ਰੋਚਿਕ ਅਤੇ ਮਾਣ ਭਰਪੂਰ ਬਣਾ ਦਿੱਤਾ | ਇਸ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਤਰਨ ਗੁਜਰਾਲ ਸ਼ਾਮਿਲ ਹੋਏ | ਜਿਨ੍ਹਾਂ ਦੀ ਪ੍ਰੇਰਣਾਦਾਇਕ ਜੀਵਨ ਯਾਤਰਾ ਅਤੇ ਸੋਚ-ਵਿਚਾਰ ਭਰੇ ਸੰਬੋਧਨ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਸਾਕਾਰ ਕਰਨ ਲਈ ਸਿੱਖਿਆ, ਨਵ ਚੇਤਨਾ ਅਤੇ ਦਿ੍ੜ੍ਹ ਨਿਸ਼ਚੇ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ | ਸਮਾਗਮ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਪ੍ਰਬੰਧਕੀ ਕਮੇਟੀ ਦੀ ਸਰਾਹਣਾ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ 'ਚ ਕੁੜੀਆਂ ਵੀ ਮੁੰਡਿਆਂ ਵਾਂਗ ਹਰ ਖੇਤਰ 'ਚ ਮੋਹਰੀ ਰੋਲ ਅਦਾ ਕਰ ਰਹੀਆਂ ਹਨ | ਇਸ ਲਈ ਸਾਰੇ ਮਾਪਿਆਂ ਨੂੰ ਇਨ੍ਹਾਂ ਦੀ ਵਧੀਆ ਪੜ੍ਹਾਈ ਲਿਖਾਈ ਅਤੇ ਪਾਲਨ ਪੋਸ਼ਣ ਵੱਲ ਧਿਆਨ ਦੇਣਾ ਚਾਹੀਦਾ ਹੈ | ਤਾਂ ਜੋ ਇੱਕ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ | ਇਸ ਦੌਰਾਨ ਸਕੂਲ ਦੇ ਸੰਸਥਾਪਕ ਬੀਬੀ ਪ੍ਰੀਤਮ ਕੌਰ ਗੁਜਰਾਲ ਅਤੇ ਸੁਰਿੰਦਰਪਾਲ ਗੁਜਰਾਲ ਦੀ ਮੌਜੂਦਗੀ ਨੇ ਵੀ ਸਮਾਰੋਹ ਦੀ ਸ਼ਾਨ ਵਧਾਈ | ਸਮਾਗਮ ਦੌਰਾਨ ਮਾਪਿਆਂ ਨੇ ਵਿਦਿਆਰਥੀਆਂ ਵਲੋਂ ਦਿਖਾਏ ਗਏ ਆਤਮ ਵਿਸ਼ਵਾਸ, ਅਨੁਸ਼ਾਸਨ ਅਤੇ ਪ੍ਰਤਿਭਾ ਨੂੰ ਦੇਖ ਕੇ ਖ਼ੁਸ਼ੀ ਅਤੇ ਸੰਤੋਖ ਜ਼ਾਹਿਰ ਕੀਤਾ, ਜਦਕਿ ਬੱਚਿਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲੈ ਕੇ ਸਲਾਨਾ ਸਮਾਰੋਹ ਨੂੰ ਯਾਦਗਾਰ ਬਣਾਇਆ | ਸਮਾਗਮ ਦੌਰਾਨ ਡਾਇਰੈਕਟਰ ਬੀਬੀ ਜਸਮੀਤ ਕਾਹਲੋਂ ਨੇ ਘੋਸ਼ਣਾ ਕੀਤੀ ਕਿ ਆਉਣ ਵਾਲੇ ਸਮੇਂ 'ਚ ਜਿੱਥੇ ਮਿਹਨਤੀ ਅਤੇ ਮੈਰਿਟਧਾਰੀ ਵਿਦਿਆਰਥੀਆਂ ਲਈ ਸਕਾਲਰਸ਼ਿਪਾਂ, ਕੁੜੀਆਂ ਲਈ ਵਿਸ਼ੇਸ਼ ਫੀਸ ਛੂਟ, ਇਕੱਲੇ ਮਾਪਿਆਂ ਵਾਲੇ ਪਰਿਵਾਰਾਂ ਲਈ ਫੀਸ 'ਚ ਖ਼ਾਸ ਰਿਆਇਤ ਕੀਤੀ ਜਾਵੇਗੀ | ਉੱਥੇ ਹੀ ਸਰਸਵਤੀ ਮਾਡਲ ਹਾਈ ਸਕੂਲ ਹੁਣ 11ਵੀਂ ਅਤੇ 12ਵੀਂ ਜਮਾਤ ਲਈ ਦਾਖ਼ਲੇ ਸ਼ੁਰੂ ਕਰੇਗਾ | ਇਸ ਮੌਕੇ ਰਮੇਸ਼ ਚੰਦਰ ਸ਼ਾਸਤਰੀ ਅਤੇ ਕੁਲਦੀਪ ਸਿੰਘ ਬੰਗਾ ਸਮੇਤ ਸਮੂਹ ਸਕੂਲ ਸਟਾਫ਼ ਮੈਂਬਰ, ਪਤਵੰਤੇ ਅਤੇ ਵੱਡੀ ਗਿਣਤੀ ਮਾਪੇ ਹਾਜ਼ਰ ਸਨ |