ਨੂਰਪੁਰ ਬੇਦੀ, 18 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਇਲਾਕੇ 'ਚ ਠੰਢ ਦੇ ਵਧਦੇ ਅਸਰ ਨਾਲ ਅੱਜ ਧੁੰਦ ਤੇ ਕੋਹਰੇ ਨੇ ਪੂਰੀ ਤਰ੍ਹਾਂ ਦਸਤਕ ਦੇ ਦਿੱਤੀ ਹੈ | ਮੌਸਮ 'ਚ ਅਚਾਨਕ ਘਣੀ ਧੁੰਦ ਛਾ ਗਈ | ਅੱਜ ਸਵੇਰੇ ਵਿਜ਼ੀਬਿਲਟੀ ਕਾਫ਼ੀ ਘੱਟ ਸੀ, ਜਿਸ ਕਾਰਨ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਵਾਹਨ ਚਾਲਕਾਂ ਨੂੰ ਖ਼ਾਸ ਸਾਵਧਾਨੀ ਵਰਤਣੀ ਪਈ | ਧੁੰਦ ਦੇ ਚੱਲਦੇ ਦੋਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਰਫ਼ਤਾਰ ਹੌਲੀ ਰਹੀ | ਕਈ ਥਾਵਾਂ 'ਤੇ ਲੋਕਾਂ ਨੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਯਾਤਰਾ ਕੀਤੀ | ਸਕੂਲ ਜਾਣ ਵਾਲੇ ਬੱਚਿਆਂ, ਸਵੇਰੇ ਸੈਰ ਲਈ ਨਿਕਲਣ ਵਾਲੇ ਲੋਕਾਂ ਤੇ ਦਫ਼ਤਰੀ ਮੁਲਾਜ਼ਮਾਂ ਨੂੰ ਵੀ ਧੁੰਦ ਤੇ ਠੰਢ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਠੰਢ ਵਧਣ ਨਾਲ ਨੂਰਪੁਰ ਬੇਦੀ ਦੇ ਵੱਖ-ਵੱਖ ਇਲਾਕਿਆਂ 'ਚ ਠੰਢ ਤੋਂ ਬਚਣ ਲਈ ਚੌਕਾਂ, ਬੱਸ ਅੱਡਿਆਂ ਤੇ ਦੁਕਾਨਾਂ ਅੱਗੇ ਅੱਗ ਸੇਕਦੇ ਹੋਏ ਲੋਕਾਂ ਦੀਆਂ ਟੋਲੀਆਂ ਨਜ਼ਰ ਆਈਆਂ | ਚਾਹ ਤੇ ਕਾਫ਼ੀ ਦੀਆਂ ਦੁਕਾਨਾਂ 'ਤੇ ਵੀ ਭੀੜ ਵਧ ਗਈ | ਦਿਨ ਚੜ੍ਹਨ ਨਾਲ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਧੁੱਪ ਨਜ਼ਰ ਆਈ, ਪਰ ਦੁਪਹਿਰ ਤੋਂ ਬਾਅਦ ਕਈ ਇਲਾਕਿਆਂ 'ਚ ਮੁੜ ਹਲਕੀ ਧੁੰਦ ਪਈ | ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨਾਂ ਵਿਚ ਵੀ ਸਵੇਰੇ ਅਤੇ ਸ਼ਾਮ ਦੇ ਸਮੇਂ ਧੁੰਦ ਪੈਣ ਦੀ ਸੰਭਾਵਨਾ ਹੈ | ਡਾਕਟਰਾਂ ਅਨੁਸਾਰ ਇਸ ਤਰ੍ਹਾਂ ਦੇ ਮੌਸਮ 'ਚ ਸਿਹਤ ਦਾ ਖ਼ਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਸਲਾਹ ਦਿੱਤੀ ਕਿ ਬਾਹਰ ਨਿਕਲਦੇ ਸਮੇਂ ਸਿਰ ਅਤੇ ਕੰਨਾਂ ਨੂੰ ਢੱਕਣ ਲਈ ਗਰਮ ਕੱਪੜਾ ਜਾਂ ਟੋਪੀ ਜ਼ਰੂਰ ਪਹਿਨੀ ਜਾਵੇ | ਨਾਲ ਹੀ, ਚਿਹਰੇ 'ਤੇ ਮਾਸਿਕ ਲਗਾ ਕੇ ਬਾਹਰ ਨਿਕਲਣਾ ਚਾਹੀਦਾ ਹੈ ਤਾਂ ਜੋ ਠੰਢੀ ਹਵਾ ਤੇ ਧੁੰਦ ਤੋਂ ਬਚਾਅ ਕੀਤਾ ਜਾ ਸਕੇ | ਖ਼ਾਸ ਕਰਕੇ ਬਜ਼ੁਰਗਾਂ ਤੇ ਬੱਚਿਆਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ |