ਨੂਰਪੁਰ ਬੇਦੀ, 18 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸਿਹਤ ਸੇਵਾਵਾਂ ਦੇ ਖੇਤਰ 'ਚ ਪਾਰਦਰਸ਼ਤਾ, ਪ੍ਰਭਾਵ ਸ਼ੀਲਤਾ ਤੇ ਲੋਕ-ਕੇਂਦਰਤ ਨਿਗਰਾਨੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਖ-ਵੱਖ ਹੈਲਥ ਕੇਅਰ ਸਥਾਨਾਂ ਦਾ ਦੌਰਾ ਕੀਤਾ | ਇਸੇ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਅੰਜਲੀ ਚੌਧਰੀ ਅਤੇ ਬੀ. ਸੀ. ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਵਲੋਂ ਕਸਬਾ ਨੂਰਪੁਰ ਬੇਦੀ ਖੇਤਰ ਵਿਚ ਮੌਜੂਦ ਰਜਿਸਟਰਡ ਅਲਟਰਾਸਾਊਾਡ ਸਕੈਨ ਸੈਂਟਰਾਂ ਦੀ ਜਾਂਚ ਕੀਤੀ ਗਈ | ਇਸ ਦੌਰਾਨ ਦੋਵੇਂ ਅਧਿਕਾਰੀਆਂ ਵਲੋਂ ਪ੍ਰੀ-ਕਨਸੀਪਸ਼ਨ ਐਂਡ ਪ੍ਰੀ-ਨਟਲ ਡਾਯਗਨੋਸਟਿਕ ਟੈਕਨੀਕਸ (ਪੀ. ਐਨ. ਡੀ. ਟੀ.) ਐਕਟ ਨਾਲ ਜੁੜੇ ਰਿਕਾਰਡ, ਅਲਟਰਾਸਾਊਾਡ ਰਿਪੋਰਟਾਂ, ਰੈਫਰਲ ਸਲਿਪਾਂ, ਫਾਰਮ-ਐਫ ਦੇ ਰਜਿਸਟਰ, ਮਸ਼ੀਨਾਂ ਦੀ ਰਜਿਸਟ੍ਰੇਸ਼ਨ ਤੇ ਹੋਰ ਦਸਤਾਵੇਜ਼ਾਂ ਦਾ ਨਿਰੀਖਣ ਕੀਤਾ | ਡਾ. ਅੰਜਲੀ ਚੌਧਰੀ ਨੇ ਕਿਹਾ ਕਿ ਲੜਕਾ-ਲੜਕੀ ਅਨੁਪਾਤ ਦੀ ਸੁਰੱਖਿਆ ਹੀ ਨਹੀਂ, ਸਗੋਂ ਇਸ ਨੂੰ ਹੋਰ ਬਿਹਤਰ ਬਣਾਉਣਾ ਸਾਡੇ ਵਿਭਾਗ ਲਈ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ | ਇਸ ਲਈ ਪੀ. ਐਨ. ਡੀ. ਟੀ. ਐਕਟ ਦੀ ਪਾਲਣਾ 'ਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਤੋਂ ਇਲਾਵਾ ਟੀਮ ਵਲੋਂ ਟਿੱਬਾ ਟੱਪਰੀਆਂ ਆਯੂਸ਼ਮਾਨ ਅਰੋਗਿਆ ਕੇਂਦਰ ਤੇ ਅਬਿਆਣਾ ਕਲਾਂ ਆਮ ਆਦਮੀ ਕਲੀਨਿਕ ਦਾ ਵੀ ਨਿਰੀਖਣ ਕੀਤਾ | ਹੈਲਥ ਕੇਅਰ ਸਟਾਫ਼ ਵਲੋਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ, ਡਾਕਟਰੀ ਸਲਾਹ, ਜ਼ਰੂਰੀ ਜਾਂਚਾਂ, ਈ-ਸੰਜੀਵਨੀ ਸੇਵਾ ਦੀ ਉਪਲਬਧਤਾ ਤੇ ਬੁਨਿਆਦੀ ਸਹੂਲਤਾਂ ਦੀ ਪੜਤਾਲ ਕੀਤੀ ਗਈ |