ਰੂਪਨਗਰ, 18 ਦਸੰਬਰ (ਸਤਨਾਮ ਸਿੰਘ ਸੱਤੀ)-ਮੰਦਰ ਦਰਗਾਹ ਬਾਬਾ ਸ੍ਰੀ ਪੀਰ ਰਤਨ ਨਾਥ ਜੀ ਆਦਿ ਗੁਰੂ ਸ੍ਰੀ ਗੋਰਖ ਨਾਥ ਜੀ, ਪੱਕਾ ਬਾਗ਼ ਰੂਪਨਗਰ ਵਿਖੇ ਮੰਦਰ ਦੇ ਸ਼ਰਧਾਲੂਆਂ ਤੇ ਸੇਵਕਾਂ ਵਲੋਂ ਦਿੱਲੀ 'ਚ ਸਥਿਤ ਮੰਦਰ ਦਰਗਾਹ ਬਾਬਾ ਸ੍ਰੀ ਪੀਰ ਰਤਨ ਨਾਥ ਜੀ ਝੰਡੇ ਵਾਲਾ, ਨਵੀਂ ਦਿੱਲੀ ਵਿਖੇ ਡੀ. ਡੀ. ਏ. ਤੇ ਐਮ. ਸੀ. ਡੀ. ਦੁਆਰਾ ਕੀਤੀ ਤੋੜਭੰਨ ਦੀ ਕਾਰਵਾਈ ਵਿਰੁੱਧ ਸਖ਼ਤ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਅਸ਼ੋਕ ਵਾਹੀ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਦਿੱਲੀ 'ਚ ਸਥਿਤ ਇਸ ਪ੍ਰਾਚੀਨ ਮੰਦਰ ਨਾਲ ਜੁੜੀ ਜ਼ਮੀਨ 'ਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਦਫ਼ਤਰ ਦਾ ਨਿਰਮਾਣ ਕਰਵਾਉਣ ਲਈ ਮੰਦਰ ਦੇ ਢਾਂਚੇ ਦੀ ਤੋੜ ਫੋੜ ਕੀਤੀ, ਬਿਜਲੀ ਕੱਟ ਦਿੱਤੀ ਗਈ ਹੈ, ਜਿਸ ਕਾਰਨ ਭਗਵਾਨ ਜੀ ਹਨੇਰੇ ਵਿਚ ਰਹਿ ਗਏ ਹਨ ਅਤੇ ਸ਼ਰਧਾਲੂ ਮੋਮਬਤੀਆਂ ਤੇ ਮੋਬਾਈਲ ਫੋਨਾਂ ਦੀ ਰੌਸ਼ਨੀ 'ਚ ਆਰਤੀ ਕਰਨ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਮੰਦਰ ਦਾ ਜਨਰੇਟਰ ਰੂਮ ਤੋੜ ਦਿੱਤਾ ਗਿਆ ਹੈ, ਜਿਥੇ ਰੋਜ਼ਾਨਾ ਲੰਗਰ ਅਤੇ ਭੰਡਾਰਾ ਚੱਲਦਾ ਸੀ, ਉਹ ਸਾਰਾ ਢਾਂਚਾ ਮਲਬੇ 'ਚ ਤਬਦੀਲ ਕਰ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਸਦੀਆਂ ਪੁਰਾਣਾ ਤੁਲਸੀ ਵਨ ਵੀ ਉਖਾੜ ਦਿੱਤਾ ਗਿਆ ਹੈ | ਅਸ਼ੋਕ ਵਾਹੀ ਨੇ ਕਿਹਾ ਕਿ ਜੋ ਪਾਰਟੀ ਧਰਮ ਤੇ ਸਭਿਆਚਾਰ ਦੀ ਰੱਖਿਆ ਦੀ ਗੱਲ ਕਰਦੀ ਹੈ, ਉਸ ਵਲੋਂ ਅਜਿਹੀ ਕਾਰਵਾਈ ਕਰਨਾ ਨਿੰਦਣਯੋਗ ਹੈ | ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਆਰ. ਐਸ. ਐਸ. ਦੇ ਮੁਖੀ ਨੂੰ ਅਪੀਲ ਕੀਤੀ ਕਿ ਇਸ ਤੋੜਭੰਨ ਨੂੰ ਤੁਰੰਤ ਰੋਕਿਆ ਜਾਵੇ ਅਤੇ ਮੰਦਰ ਦੀ ਇਮਾਰਤ ਤੇ ਮਰਿਆਦਾ ਨੂੰ ਬਹਾਲ ਕੀਤਾ ਜਾਵੇ | ਇਸ ਮੌਕੇ ਮੰਦਰ ਦੇ ਪੁਜਾਰੀ ਤੇ ਪ੍ਰਬੰਧਕਾਂ ਨੇ ਵੀ ਦਿੱਲੀ ਵਿਖੇ ਮੰਦਰ ਦੇ ਢਾਂਚੇ ਨੂੰ ਤੋੜ ਕੇ ਉਸ ਨੂੰ ਪਾਰਟੀ ਦਫ਼ਤਰ ਲਈ ਵਰਤਣ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਹ ਕਾਰਵਾਈ ਤੁਰੰਤ ਬੰਦ ਕੀਤੀ ਜਾਵੇ |