ਨੂਰਪੁਰ ਬੇਦੀ, 18 ਦਸੰਬਰ (ਵਿੰਦਰ ਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਇ) ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਪਿਛਲੇ ਲੰਬੇ ਸਮੇਂ ਤੋਂ ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਲਈ ਦੇਸੀ ਘਿਓ 'ਚ ਤਿਆਰ ਲੰਗਰ ਭੇਜਣ ਦੀ ਆਰੰਭੀ ਨਿਰੰਤਰ ਸੇਵਾ ਤਹਿਤ ਭੂਰੀਵਾਲੇ ਗੁੱਰਗਦੀ ਪ੍ਰੰਪਰਾ ਦੇ ਆਸ਼ਰਮ ਪਿੰਡ ਟੇਡੇਵਾਲ ਤੋਂ ਸਰਬ ਸੰਗਤ ਦੇ ਪੂਰਨ ਸਹਿਯੋਗ ਨਾਲ ਪੀ. ਜੀ. ਆਈ., ਚੰਡੀਗੜ੍ਹ ਦੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਲਈ ਦੇਸੀ ਘਿਓ 'ਚ ਤਿਆਰ ਲੰਗਰ ਭੇਜਿਆ | ਲੰਗਰ ਵਾਹਨ ਨੂੰ ਸਰਬ ਸੰਗਤ ਵਲੋਂ ਮੰਗਲਾਚਰਣ ਉਚਾਰਨ ਕਰਨ ਉਪਰੰਤ ਵਰਤਾਉਣ ਲਈ ਸੇਵਾਦਾਰਾਂ ਸਮੇਤ ਰਵਾਨਾ ਕੀਤਾ, ਇਥੇ ਦੱਸਦੀਏ ਕਿ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ 14 ਅਪ੍ਰੈਲ 2015 ਤੋਂ ਇਹ ਸੇਵਾ ਨਿਰੰਤਰ ਸ਼ੁਰੂ ਕੀਤੀ ਗਈ ਸੀ | ਇਸ ਸੇਵਾ ਤਹਿਤ ਕੰਢੀ, ਦੂਣੀ ਤੇ ਬੀਤ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਸੰਗਤ ਦੀ ਰੋਜ਼ਾਨਾ ਲੰਗਰ ਭੇਜਣ ਲਈ ਸੇਵਾ ਵੰਡੀਆਂ ਹੋਈਆਂ ਹਨ | ਇਹ ਸਾਰਾ ਲੰਗਰ ਦੇਸੀ ਘਿਓ 'ਚ ਤਿਆਰ ਕਰਕੇ ਰੋਜ਼ਾਨਾ ਹੀ ਵੱਖ-ਵੱਖ ਇਲਾਕਿਆਂ ਦੇ ਪਿੰਡਾਂ ਤੋਂ ਆਪਣੀ ਵਾਰੀ ਤਹਿਤ ਗੱਡੀ ਰਾਹੀਂ ਲੈ ਕੇ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਸੇਵਾਦਾਰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਆਪ ਵਰਤਾ ਕੇ ਆਉਂਦੇ ਹਨ |