ਨੂਰਪੁਰ ਬੇਦੀ, 18 ਦਸੰਬਰ (ਵਿੰਦਰਪਾਲ ਝਾਂਡੀਆਂ, ਰਜੇਸ਼ ਚੌਧਰੀ, ਹਰਦੀਪ ਢੀਂਡਸਾ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹੋਈ ਸ਼ਾਨਦਾਰ ਇਤਿਹਾਸਕ ਜਿੱਤ ਦੀ ਖ਼ੁਸ਼ੀ 'ਚ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਜੇਤੂ ਉਮੀਦਵਾਰਾਂ ਨੂੰ ਨਾਲ ਲੈ ਕੈ ਨੂਰਪੁਰ ਬੇਦੀ ਵਿਖੇ ਵਿਸ਼ਾਲ ਜੇਤੂ ਮਾਰਚ ਕੱਢਿਆ | ਇਹ ਮਾਰਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਤੋਂ ਸ਼ੁਰੂ ਹੋ ਕੇ ਨੂਰਪੁਰ ਬੇਦੀ ਦੇ ਮੁੱਖ ਬਜਾਰ ਦੀ ਸਾਰਿਆਂ ਦੁਕਾਨਾਂ ਤੇ ਬੱਸ ਅੱਡੇ ਤੋਂ ਹੁੰਦਾ ਹੋਇਆ ਪਿੰਡ ਸੈਣੀਮਾਜਰਾ ਤੱਕ ਪਹੁੰਚਿਆ | ਇਸ ਜੇਤੂ ਮਾਰਚ ਦੌਰਾਨ ਵਿਧਾਇਕ ਐਡਵੋਕੇਟ ਚੱਢਾ ਤੇ ਜੇਤੂ ਉਮੀਦਵਾਰਾਂ ਨੇ ਪ੍ਰਸਿੱਧ ਧਾਰਮਿਕ ਅਸਥਾਨ ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਤੇ ਨਤਮਸਤਕ ਹੋ ਕੇ ਮੱਥਾ ਟੇਕਿਆ ਤੇ ਆਪਣੀ ਜਿੱਤ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ | ਜੇਤੂ ਮਾਰਚ ਦੌਰਾਨ ਮੇਨ ਬਾਜ਼ਾਰ 'ਚ ਦੁਕਾਨਦਾਰਾਂ ਨੇ ਵਿਧਾਇਕ ਐਡਵੋਕੇਟ ਚੱਢਾ ਜੇਤੂ ਉਮੀਦਵਾਰਾਂ ਦਾ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਲੋਕਾਂ ਵਲੋਂ ਦਿੱਤਾ ਵੱਡਾ ਫ਼ਤਵਾ ਉਨ੍ਹਾਂ ਦੇ ਕੰਮ ਅਤੇ ਭਰੋਸੇਯੋਗਤਾ ਦਾ ਜਨਤਕ ਸਮਰਥਨ ਹੈ | ਵਿਧਾਇਕ ਚੱਢਾ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਉਨਾਂ ਲਈ ਸਿਰਫ਼ ਇਕ ਰਾਜਨੀਤਕ ਸਫਲਤਾ ਨਹੀਂ ਹੈ, ਸਗੋਂ ਲੋਕਾਂ ਦੇ ਅਥਾਹ ਪਿਆਰ, ਵਿਸ਼ਵਾਸ ਤੇ ਅਸ਼ੀਰਵਾਦ ਦਾ ਪ੍ਰਤੀਕ ਹੈ | ਵਿਧਾਇਕ ਚੱਢਾ ਨੇ ਕਿਹਾ ਕਿ ਇਸ ਅਥਾਹ ਸਮਰਥਨ ਨੇ ਉਨ੍ਹਾਂ ਦੇ ਦਿਲ ਨੂੰ ਛੂਹ ਲਿਆ ਹੈ ਅਤੇ ਉਨਾਂ ਨੂੰ ਹੋਰ ਸਮਰਪਣ ਜ਼ਿੰਮੇਵਾਰੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਦੇ ਵਿਸ਼ਵਾਸ, ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਤੇ ਹੋਏ ਸਰਬਪੱਖੀ ਦਾ ਸਪੱਸ਼ਟ ਪ੍ਰਮਾਣ ਹੈ | ਇਸ ਸਫਲਤਾ ਲਈ ਪਾਰਟੀ ਵਰਕਰਾਂ ਅਹੁਦੇਦਾਰਾਂ ਤੇ ਸਮਰਥਕਾਂ ਅਣਥੱਕ ਮਿਹਨਤ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਇਹ ਉਨ੍ਹਾਂ ਦੀ ਨਿਰਸਵਾਰਥ ਸੇਵਾ ਦਾ ਨਤੀਜਾ ਹੈ | ਇਸ ਮੌਕੇ ਜੇਤੂ ਉਮੀਦਵਾਰਾਂ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਦੇਸ ਰਾਜ ਸੈਣੀਮਾਜਰਾ, ਪੰਚਾਇਤ ਸੰਮਤੀ 'ਚ ਸਤਨਾਮ ਸਿੰਘ ਨਾਗਰਾ ਬੜਵਾ, ਹੇਮੰਤ ਸੈਣੀ, ਰਾਮ ਅਵਤਾਰ ਤਾਰੀ ਸਰਥਲੀ, ਕੇਵਲ ਕਿ੍ਸ਼ਨ ਹੈਪੀ ਤਖਤਗੜ੍ਹ ਸਮੇਤ ਹੋਰ ਉਮੀਦਵਾਰ ਤੇ ਪਾਰਟੀ ਆਗੂ ਤੇ ਸਮਰਥਕ ਹਾਜ਼ਰ ਸਨ |