ਪੁਰਖਾਲੀ, 18 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਘਾੜ ਇਲਾਕੇ ਅੰਦਰ ਜੋਨ ਨੰਬਰ 8 ਮਗਰੋੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਵਿੰਦਰ ਕੌਰ ਪਤਨੀ ਡਾ. ਜਗਦੀਸ਼ ਸਿੰਘ ਜੱਗੂ ਸਰਪੰਚ ਨੇ ਬਲਾਕ ਸੰਮਤੀ ਦੀ ਸੀਟ ਜਿੱਤ ਕੇ ਇਲਾਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਲਾਜ ਹੀ ਨਹੀਂ ਰੱਖੀ ਸਗੋਂ ਇਲਾਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਮੁਰਝਾਏ ਹੌਂਸਲੇ ਬੁਲੰਦ ਕਰ ਦਿੱਤੇ ਹਨ | ਜਾਣਕਾਰੀ ਅਨੁਸਾਰ ਮਗਰੋੜ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਵਿੰਦਰ ਕੌਰ ਨੇ ਜਿੱਤ ਪ੍ਰਾਪਤ ਕਰਕੇ ਇਲਾਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਖਾਤਾ ਖੋਲ੍ਹਣ 'ਚ ਹਿੰਮਤ ਦਿਖਾਈ ਹੈ, ਜਿਸ ਨਾਲ ਇਲਾਕੇ ਦੇ ਅਕਾਲੀ ਵਰਕਰ ਵੀ ਬਾਗੋ ਬਾਗ਼ ਹੋਏ ਪਏ ਹਨ | ਮਗਰੋੜ ਜ਼ੋਨ ਤੋਂ ਪਾਰਟੀ ਦੀ ਹੋਈ ਜਿੱਤ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਚਰਨਜੀਤ ਕੌਰ ਤੇ ਬਾਕੀ ਜ਼ੋਨਾਂ ਦੇ ਪਾਰਟੀ ਉਮੀਦਵਾਰਾਂ ਨੂੰ ਵੋਟ ਦੇਣ ਲਈ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ |