ਸ੍ਰੀ ਅਨੰਦਪੁਰ ਸਾਹਿਬ, 19 ਦਸੰਬਰ (ਜੇ. ਐਸ. ਨਿੱਕੂਵਾਲ)-ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਆਗੂਆਂ ਦੀ ਇਕ ਜ਼ਰੂਰੀ ਮੀਟਿੰਗ ਪੰਜ ਪਿਆਰਾ ਪਾਰਕ ਵਿਖੇ ਹੋਈ, ਜਿਸ 'ਚ ਕੇਂਦਰ ਸਰਕਾਰ ਵਲੋਂ ਵਿਕਸਿਤ ਭਾਰਤ ਜੀ ਰਾਮ ਜੀ ਬਿਲ 2025 ਨੂੰ ਪਾਸ ਕਰ ਦਿੱਤੇ ਜਾਣ 'ਤੇ ਚਿੰਤਾ ਜ਼ਾਹਿਰ ਕਰਦਿਆਂ ਆਗੂਆਂ ਨੇ ਕਿਹਾ ਕਿ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ ਮਗਨਰੇਗਾ ਦੇਸ਼ ਦੇ ਸਮੁੱਚੇ ਗ਼ਰੀਬ ਲੋਕਾਂ ਨੂੰ ਅਤੇ ਪੇਂਡੂ ਲੋਕਾਂ ਨੂੰ ਰੁਜ਼ਗਾਰ ਦੇ ਰਿਹਾ ਸੀ, ਜੋ ਕਿ ਕਾਨੂੰਨ ਲੋਕ ਸਭਾ 'ਚ ਖੱਬੀਆਂ ਪਾਰਟੀਆਂ ਦੇ ਸਹਿਯੋਗ ਨਾਲ ਪਾਸ ਕੀਤਾ ਗਿਆ ਸੀ | ਪਰ ਹੁਣ ਕੇਂਦਰ ਸਰਕਾਰ ਪੇਂਡੂ ਮਜ਼ਦੂਰਾਂ 'ਤੇ ਬਹੁਤ ਵੱਡਾ ਹਮਲਾ ਕਰਨ ਜਾ ਰਹੀ ਹੈ, ਜਿਸ ਦਾ ਸੀ. ਪੀ. ਆਈ. ਐਮ. ਹੋਰ ਖੱਬੀਆਂ ਪਾਰਟੀਆਂ ਨਾਲ ਡਟ ਕੇ ਵਿਰੋਧ ਕਰੇਗੀ | ਇਸ ਸੰਬੰਧੀ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਸਕੱਤਰ ਜਸਵਿੰਦਰ ਸਿੰਘ ਭੰਗਲ, ਤਹਿਸੀਲ ਕਮੇਟੀ ਮੈਂਬਰ ਨਰਿੰਦਰ ਸਿੰਘ ਮਾਵੀ, ਤੇਲੂ ਰਾਮ, ਅਨਿਲ ਕੁਮਾਰ ਡੋਡ ਆਦਿ ਨੇ ਦੱਸਿਆ ਕੇਂਦਰ ਦੀ ਮਨਮੋਹਨ ਸਿੰਘ ਦੀ ਸਰਕਾਰ ਵਲੋਂ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ ਮਗਨਰੇਗਾ ਨੂੰ ਲੋਕ ਸਭਾ 'ਚ ਪਾਸ ਕਰਕੇ ਕਾਨੂੰਨ ਬਣਾਇਆ ਸੀ ਪਰ ਮੋਦੀ ਸਰਕਾਰ ਇਸ ਨੂੰ ਖ਼ਤਮ ਕਰਕੇ ਜੋ ਨਵਾਂ ਬਿੱਲ ਪਾਸ ਕੀਤਾ ਹੈ, ਇਸ ਨਾਲ ਪੇਂਡੂ ਰੁਜ਼ਗਾਰ ਖੁੱਸ ਜਾਵੇਗਾ, ਮਜ਼ਦੂਰਾਂ ਨੂੰ ਦਿਹਾੜੀਆਂ ਨਹੀਂ ਮਿਲਣਗੀਆਂ, ਸਗੋਂ ਇਸ ਯੋਜਨਾ ਦੀ ਯੋਜਨਾਬੱਧ ਤਰੀਕੇ ਨਾਲ ਹੱਤਿਆ ਕੀਤੀ ਗਈ ਹੈ | ਆਗੂਆਂ ਨੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ 22 ਦਸੰਬਰ ਨੂੰ ਸਵੇਰੇ 11 ਵਜੇ ਬੱਸ ਅੱਡਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਇਸ ਨਵੇਂ ਬਿੱਲ ਦਾ ਵਿਰੋਧ ਕਰਨ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਫ਼ੈਸਲੇ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ |