ਨਗਰ ਕੌਂਸਲ ਰੂਪਨਗਰ ਦੀ ਮੀਟਿੰਗ 'ਚ ਸ਼ਹਿਰ ਦੀ ਹੱਦ ਵਧਾਉਣ ਦਾ ਮਸਲਾ ਲਟਕਿਆ <br/>
ਅਜੀਤ ਡੈਸਕ
20-12-2025
ਕੀ ਕਹਿਣਾ ਹੈ ਪ੍ਰਧਾਨ ਦਾ
ਕੌਂਸਲ ਪ੍ਰਧਾਨ ਅਸ਼ੋਕ ਕੁਮਾਰ ਵਾਹੀ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਮਤਾ ਧੱਕੇ ਨਾਲ ਪਾਸ ਕਰਨ ਲਈ ਨਹੀਂ ਲਿਆਂਦਾ, ਸਗੋਂ ਨਗਰ ਕੌਂਸਲ ਦੀ ਆਮਦਨ ਦੇ ਸਰੋਤ ਵਧਾਉਣ ਲਈ ਤਕਨੀਕੀ ਸ਼ਾਖਾ ਦੇ ਸੁਝਾਅ ਅਨੁਸਾਰ ਵਿਚਾਰ-ਵਟਾਂਦਰੇ ਲਈ ਰੱਖਿਆ ਗਿਆ ਹੈ | ਹਾਲਾਂਕਿ ਕੌਂਸਲਰਾਂ ਦੇ ਵਿਰੋਧ ਦੇ ਮੱਦੇਨਜ਼ਰ ਮਤਾ ਲਟਕਾ ਦਿੱਤਾ ਗਿਆ ਤੇ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ, ਜੋ ਸੰਬੰਧਿਤ ਪਿੰਡਾਂ ਦੀਆਂ ਪੰਚਾਇਤਾਂ ਨਾਲ ਰਾਏ-ਮਸ਼ਵਰਾ ਕਰਕੇ ਰਿਪੋਰਟ ਪੇਸ਼ ਕਰੇਗੀ | ਜਿਹੜੀਆਂ ਪੰਚਾਇਤਾਂ ਸਹਿਮਤ ਹੋਣਗੀਆਂ, ਉਨ੍ਹਾਂ ਨੂੰ ਹੀ ਸ਼ਹਿਰ 'ਚ ਸ਼ਾਮਿਲ ਕਰਨ ਲਈ ਅਗਲਾ ਪ੍ਰਸਤਾਵ ਲਿਆਂਦਾ ਜਾਵੇਗਾ | ਮੀਟਿੰਗ ਤੋਂ ਬਾਅਦ ਬਾਹਰ ਧਰਨੇ ਦੌਰਾਨ ਵੀ ਧਰਨਾਕਾਰੀਆਂ ਤੇ ਕੌਂਸਲ ਪ੍ਰਧਾਨ ਅਸ਼ੋਕ ਵਾਹੀ ਦਰਮਿਆਨ ਅਤੇ ਸਾਬਕਾ ਪ੍ਰਧਾਨ ਤੇ ਅਕਾਲੀ ਆਗੂ ਪਰਮਜੀਤ ਸਿੰਘ ਮਾਕੜ ਅਤੇ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਆਗੂ ਇੰਦਰਪਾਲ ਸਿੰਘ ਰਾਜੂ ਦਰਮਿਆਨ ਤਿੱਖੀ ਬਹਿਸ ਹੋਈ | ਗੱਲਬਾਤ ਕਰਦਿਆਂ ਨਗਰ ਕੌਂਸਲ ਪ੍ਰਧਾਨ ਦੇ ਬੋਲ ਉਸ ਸਮੇਂ ਵਿਗੜ ਗਏ ਜਦੋਂ ਪਿੰਡਾਂ ਦੀ ਸਹਿਮਤੀ ਤੋਂ ਬਿਨਾਂ ਮਤਾ ਲਿਆਂਦੇ ਜਾਣ 'ਤੇ ਸਵਾਲ ਕੀਤੇ ਗਏ | ਵਰਤੇ ਗਏ ਸ਼ਬਦਾਂ 'ਤੇ ਪੱਤਰਕਾਰਾਂ ਵਲੋਂ ਸਖ਼ਤ ਇਤਰਾਜ਼ ਵੀ ਦਰਜ ਕਰਵਾਇਆ | ਮੀਟਿੰਗ ਤੋਂ ਬਾਅਦ ਨੇੜਲੇ ਪਿੰਡਾਂ 'ਚ ਇਸ ਮਸਲੇ ਨੂੰ ਲੈ ਕੇ ਚਰਚਾ ਅਤੇ ਵਿਰੋਧ ਹੋਰ ਤੇਜ਼ ਹੋ ਗਿਆ ਹੈ, ਜਦਕਿ ਪਿੰਡ ਵਾਸੀਆਂ ਵਲੋਂ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਗਈ ਹੈ | ਇਸ ਮੌਕੇ ਪਿੰਡ ਵਾਸੀਆਂ ਖਾਸ ਕਰਕੇ ਸਰਪੰਚਾਂ, ਪੰਚਾਂ ਸਮੇਤ ਕਾਂਗਰਸੀ ਤੇ ਅਕਾਲੀ ਆਗੂਆਂ ਨੇ ਕਿਹਾ ਕਿ ਰੂਪਨਗਰ ਸ਼ਹਿਰ ਦੀ ਨਗਰ ਕੌਂਸਲ ਮੌਜੂਦਾ ਵਾਸੀਆਂ ਨੂੰ ਪੂਰੀਆਂ ਸਹੂਲਤਾਂ ਦੇਣ ਤੋਂ ਲੰਬੇ ਸਮੇਂ ਤੋਂ ਖੁੰਝ ਰਹੀ ਹੈ, ਉੱਥੇ ਹੀ ਪਿੰਡਾਂ ਵਿਚ ਸਾਫ਼ ਸੁਥਰੀ ਜਿੰਦਗੀ ਬਸਰ ਕਰ ਰਹੇ ਲੋਕਾਂ ਨੂੰ ਉਲਟਾ ਟੈਕਸਾਂ ਦਾ ਬੋਝ ਅਤੇ ਘਰ ਬਣਾਉਣ ਦੀਆਂ ਨਵੀਆਂ-ਨਵੀਆਂ ਉਲਝਣਾ ਨਾਲ ਜੂਝਣਾ ਪਵੇਗਾ | ਅਮਰਜੀਤ ਸਿੰਘ ਭੁੱਲਰ ਤੇ ਹੋਰਾਂ ਨੇ ਕਿਹਾ ਕਿ ਪਿੰਡਾਂ ਵਿਚ ਬਹੁਤੇ ਗਰੀਬ ਤਬਕੇ ਦੇ ਲੋਕ ਹਨ ਜੋ ਮਗਨਰੇਗਾ ਮਜ਼ਦੂਰੀ 'ਤੇ ਨਿਰਭਰ ਕਰਦੇ ਹਨ, ਸ਼ਹਿਰ 'ਚ ਆਉਣ ਨਾਲ ਉਨ੍ਹਾਂ ਦਾ ਇਹ ਰੁਜ਼ਗਾਰ ਵੀ ਖੁਸ ਜਾਵੇਗਾ | ਨਗਰ ਕੌਂਸਲ 'ਚ ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਬਾਕੀ ਸਾਰੇ ਮਤੇ ਸਰਬ ਸੰਮਤੀ ਨਾਲ ਪਾਸ ਕਰ ਦਿੱਤੇ ਗਏ, ਜਿਨ੍ਹਾਂ 'ਚ ਖਾਸ ਕਰਕੇ ਦਸਮੇਸ਼ ਨਗਰ 'ਚ ਸਥਿਤ ਪੁਰਾਣਾ ਕਿੱਡ ਜੀ ਪੈਰੀਵਿੰਕਲ ਸਕੂਲ ਜੋ ਹੁਣ ਪ੍ਰੋਮਿਲਾ ਜੱਗੀ ਤੇ ਨਿਤਿਨ ਜੱਗੀ ਦੇ ਨਾਂਅ 'ਤੇ ਟਰਾਂਸਫਰ ਹੋ ਚੁੱਕਾ ਹੈ ਉਨ੍ਹਾਂ ਦੀ ਮੰਗ ਅਨੁਸਾਰ ਸਕੂਲ ਬੰਦ ਕਰਕੇ ਵਪਾਰਕ ਲਾਭ ਲਈ ਮਨਜੂਰ ਕਰ ਲਿਆ ਗਿਆ, ਜਿਸ ਲਈ ਉਹ ਸਾਲ 2021 ਤੋਂ ਬਿਲਡਿੰਗ ਦਾ ਸੀ. ਐਲ. ਯੂ. ਲੈਣ ਲਈ ਪੱਤਰ ਲਿਖ ਰਹੇ ਸਨ | ਇਸ ਤੋਂ ਇਲਾਵਾ ਰੈਗੂਲਰ ਫਾਇਰਮੈਨ ਦੀਆਂ ਬਦਲੀਆਂ ਫਾਇਰ ਸਟੇਸ਼ਨ ਰੂਪਨਗਰ ਵਿਖੇ ਠੇਕਾ ਆਧਾਰ 'ਤੇ ਕੰਮ ਕਰ ਰਹੇ ਫਾਇਰਮੈਨ ਡਰਾਈਵਰਾਂ ਦੇ ਠੇਕੇ ਦੀ ਮਿਆਦ ਵਿਚ ਵਾਧਾ, ਪਿਛਲੀ ਸਧਾਰਨ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ, ਪ੍ਰਾਪਰਟੀ ਟੈਕਸ ਸ਼ਾਖਾ ਲਈ ਕੰਪਿਊਟਰ ਦੀ ਖਰੀਦ, ਫੋਗਿੰਗ ਮਾਊਾਟਿਡ ਮਸ਼ੀਨ ਤੇ ਥ੍ਰੀ ਵੀਲਰ ਖਰੀਦਣ ਕੈਟਲ ਕੈਚਰ ਮਾਊਾਟਿਡ ਖਰੀਦਣ, ਸਫ਼ਾਈ ਸੇਵਕ ਤੇ ਸੀਵਰਮੈਨਾਂ ਦੇ ਠੇਕੇ ਵਿਚ ਵਾਧਾ ਕਰਨ ਲੀਗਲ ਅਤੇ ਪ੍ਰੋਫੈਸ਼ਨਲ ਖਰਚਿਆਂ ਲਈ ਇਕ ਲੱਖ 10 ਹਜ਼ਾਰ ਦੀ ਫ਼ੀਸ ਦੀ ਪ੍ਰਵਾਨਗੀ, ਬਸੰਤ ਨਗਰ ਵਿਖੇ ਨਵਾਂ ਟਿਊਬਵੈਲ ਲਗਾਉਣ ਤੇ ਹੋਲੀ ਫੈਮਿਲੀ ਸਕੂਲ ਨੇੜੇ ਪੁਲੀ ਦੀ ਉਸਾਰੀ ਕਰਨ ਦੇ ਤਕਮੀਨਿਆਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ | ਇਸ ਮੌਕੇ ਗਾਂਧੀ ਮੈਮੋਰੀਅਲ ਨੈਸ਼ਨਲ ਸਕੂਲ ਤੋਂ ਬੇਲਾ ਚੌਕ ਨੂੰ ਜਾਣ ਵਾਲੀ ਸੜਕ ਦਾ ਨਾਂ ਸ੍ਰੀ ਲਾਲ ਚੰਦ ਗੁਪਤਾ ਮਾਰਗ ਰੱਖਣ ਦੀ ਤਜਵੀਜ ਪਾਸ ਕਰ ਦਿੱਤੀ ਗਈ | ਮੀਟਿੰਗ ਵਿਚ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਸੀਨੀਅਰ ਕੌਂਸਲਰ ਅਮਰਜੀਤ ਸਿੰਘ ਜੋਲੀ, ਪੋਮੀ ਸੋਨੀ, ਮੋਹਿਤ ਸ਼ਰਮਾ, ਚਰਨਜੀਤ ਸਿੰਘ, ਗੁਰਮੀਤ ਸਿੰਘ ਰਿੰਕੂ, ਸਰਬਜੀਤ ਸਿੰਘ, ਅਮਰਿੰਦਰ ਸਿੰਘ ਰੀਹਲ, ਜਸਪਿੰਦਰ ਕੌਰ ਪਿੰਕਾ, ਕਿਰਨ ਸੋਨੀ, ਇਕਬਾਲ ਕੌਰ ਮੱਕੜ, ਜਸਵਿੰਦਰ ਕੌਰ, ਨੀਲਮ ਰਾਣੀ, ਕੁਲਵਿੰਦਰ ਕੌਰ ਲਾਡੀ,ਰੇਖਾ ਰਾਣੀ, ਕਾਰਜ ਸਾਧਕ ਅਫ਼ਸਰ ਅਸ਼ੋਕ ਕੁਮਾਰ ਐਸ. ਡੀ. ਓ. ਹਰਪ੍ਰੀਤ ਸਿੰਘ ਭਿਓਰਾ ਸਮੇਤ ਨਗਰ ਕੌਂਸਲ ਦਾ ਅਮਲਾ ਫੈਲਾ ਮੌਜੂਦ ਸੀ |
ਇਕੱਤਰ ਹੋਈਆਂ ਪੰਚਾਇਤਾਂ ਵਲੋਂ ਵਿਰੋਧੀ ਮਤਾ ਪੇਸ਼
ਧਰਨੇ 'ਤੇ ਪੁੱਜੀਆਂ ਪੰਚਾਇਤਾਂ ਨੇ ਸਮੂਹਿਕ ਤੌਰ 'ਤੇ ਇਕ ਸਾਂਝਾ ਮਤਾ ਨਗਰ ਕੌਂਸਲ ਵਿਚ ਦਰਜ ਕਰਵਾਇਆ | ਜਿਸ 'ਚ ਜਸਵੀਰ ਕੌਰ ਸਰਪੰਚ ਛੋਟੀ ਰੈਲੋਂ, ਊਸ਼ਾ ਰਾਣੀ ਸਰਪੰਚ ਬੜੀ ਰੈਲੋਂ, ਜਸਵੰਤ ਕੌਰ ਸਰਪੰਚ ਪਿੰਡ ਪਪਰਾਲਾ, ਰਾਜ ਰਾਣੀ ਸਰਪੰਚ ਪਿੰਡ ਨਾਨਕ ਪੁਰਾ, ਨਰਿੰਦਰ ਕੌਰ ਸਰਪੰਚ ਭਿਓਰਾ, ਰਣਜੀਤ ਸਿੰਘ ਸਰਪੰਚ ਸ਼ਾਮ ਪੁਰਾ, ਹਰਦੀਪ ਕੌਰ ਸਰਪੰਚ ਖੈਰਾਬਾਦ, ਹਰਮਿੰਦਰ ਸਿੰਘ ਨੰਬਰਦਾਰ ਬੁੱਢਾ ਭਿਓਰਾ, ਭੁਪਿੰਦਰ ਸਿੰਘ ਮੈਂਬਰ ਪੰਚਾਇਤ ਨਾਨਕਪੁਰਾ, ਤਜਿੰਦਰ ਕੌਰ ਪੰਚ ਨਾਨਕਪੁਰਾ, ਸੰਤੋਸ਼ ਦੇਵੀ ਸਰਪੰਚ ਰਸੂਲਪੁਰ,ਸਤਨਾਮ ਸਿੰਘ ਪੰਚ ਪਪਰਾਲਾ, ਬਬਲੀ ਮੈਂਬਰ ਪੰਚਾਇਤ ਰਸੂਲਪੁਰ, ਸੋਨਾ ਦੇਵੀ ਪੰਚ ਰਸੂਲਪੁਰ, ਗੁਰਪਾਲ ਸਿੰਘ ਪੰਚ ਰੈਲੋਂ ਖੁਰਦ, ਜਸਵਿੰਦਰ ਸਿੰਘ ਮੈਂਬਰ ਪੰਚਾਇਤ ਨੇ ਮੀਟਿੰਗ ਕਰਕੇ ਨਗਰ ਕੌਂਸਲ ਵਿਚ ਸ਼ਾਮਿਲ ਹੋਣ ਵਾਲੇ ਮੱਤੇ ਦਾ ਸਖ਼ਤ ਵਿਰੋਧ ਕੀਤਾ ਅਤੇ ਦਸਤਖਤ ਕਰਕੇ ਸਮੂਹਿਕ ਤੌਰ 'ਤੇ ਮਤਾ ਨਗਰ ਕੌਂਸਲ 'ਚ ਦਰਜ ਕਰਵਾਇਆ |