ਰੂਪਨਗਰ, 21 ਦਸੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਤੇ ਰੋਟਰੀ ਕਲੱਬ ਰੋਪੜ ਸੈਂਟਰਲ ਵਲੋਂ ਸਾਂਝੇ ਤੌਰ 'ਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਵਿਖੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ 18ਵਾਂ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ | ਇਹ ਕੈਂਪ ਸੰਤ ਗੁਰਮੇਲ ਸਿੰਘ ਬਲੱਡ ਬੈਂਕ ਬਲਾਚੌਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ | ਖ਼ੂਨਦਾਨ ਕੈਂਪ 'ਚ ਕੁੱਲ 77 ਖ਼ੂਨਦਾਨੀਆਂ ਨੇ ਭਾਗ ਲਿਆ, ਜਿਨ੍ਹਾਂ 'ਚੋਂ ਜਾਂਚ ਉਪਰੰਤ 73 ਯੂਨਿਟ ਖੂਨ ਇਕੱਤਰ ਕੀਤਾ ਗਿਆ | ਕੈਂਪ ਦੌਰਾਨ ਕੁਲਦੀਪ ਸਿੰਘ ਗੜਗੱਜ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਤੇ ਗੁਰਦੁਆਰਾ ਭੱਠਾ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ ਘੁੰਗਰਾਲੀ ਵੀ ਮੌਜੂਦ ਸਨ | ਮਹਿਮਾਨਾਂ ਵਲੋਂ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਰੁਮਿੰਦਰ ਸਿੰਘ, ਪ੍ਰਧਾਨ ਰੋਟਰੀ ਕਲੱਬ ਰੋਪੜ ਸੈਂਟਰਲ ਤੇ ਸਾਬਕਾ ਪ੍ਰਧਾਨ ਰੋਟੇਰੀਅਨ ਅਜਮੇਰ ਸਿੰਘ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ | ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡੀ ਮਨੁੱਖੀ ਸੇਵਾ ਹੈ, ਜਿਸ ਨਾਲ ਬਿਨਾਂ ਕਿਸੇ ਜਾਣ-ਪਛਾਣ ਦੇ ਕਿਸੇ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ | ਇਸ ਮੌਕੇ ਗੁਰਬਚਨ ਸਿੰਘ ਸੋਢੀ, ਮਨਜਿੰਦਰ ਸਿੰਘ ਮਨੀ ਲਾਡਲ, ਇੰਦਰਜੀਤ ਸਿੰਘ ਗੰਧੋ, ਅਮਰਜੀਤ ਸਿੰਘ ਪੰਜੋਲੀ, ਗਿਆਨੀ ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਸੋਲਖੀਆਂ, ਜਤਿੰਦਰ ਸਿੰਘ ਟਿੰਕੂ, ਮਨਪ੍ਰੀਤ ਸਿੰਘ ਘਨੌਲੀ, ਅਮਰੀਕ ਸਿੰਘ ਗੰਧੋਂ, ਅਸ਼ਵਨੀ ਸ਼ਰਮਾ, ਪਰਮਜੀਤ ਸਿੰਘ, ਰੁਮਿੰਦਰ ਸਿੰਘ ਤੇ ਅਜਮੇਰ ਸਿੰਘ ਆਦਿ ਹਾਜ਼ਰ ਸਨ |